ਲੋਕ ਡਰ ਦੇ ਮਾਰੇ ਅੱਖਬਾਰ ਪੜ੍ਹਨੋ ਵੀ ਹਟੇ ਤੇ ਹਾਕਰ ਵੰਡਣੋ ਹਟੇ
ਲੋਕ ਸੰਪਰਕ ਵਿਭਾਗ ਨੇ ਕੀਤੀ ਕੋਸ਼ਿਸ਼ ਲੋਕੀ ਕਰ ਰਹੇ ਹਨ ਪ੍ਰਸੰਸਾ
ਚੰਡੀਗੜ੍ਹ 27 ਮਾਰਚ( ਵਿਸ਼ਵ ਵਾਰਤਾ) :- ਕਰੋਨਾ ਵਾਇਰਸ ਦੀ ਮਹਾਂਮਾਰੀ ਫੈਲਣ ਦੇ ਡਰੋਂ ਪੰਜਾਬ ਚ ਕਰਫਿਊ ਅਤੇ ਦੇਸ਼ ਵਿੱਚ ਭਾਰਤ ਸਰਕਾਰ ਵੱਲੋਂ ਕੀਤੇ ਗਏ ਲੋਕਡਾਊਨ ਦੇ ਫ਼ੈਸਲੇ ਨਾਲ ਜਿੱਥੇ ਕਿ ਦੇਸ਼ ਦੀ ਆਰਥਿਕ ਮੰਦਹਾਲੀ ਦਾ ਸ਼ਿਕਾਰ ਹੋ ਗਿਆ ਹੈ ਉੱਥੇ ਹੀ ਸਭ ਤੋਂ ਵੱਡੀ ਸੱਟ ਪ੍ਰਿੰਟ ਮੀਡੀਆ ਇੰਡਸਟਰੀ ਨੂੰ ਲੱਗੀ ਹੈ ,ਕਿਉਂਕਿ ਵੱਡੀ ਗਿਣਤੀ ਚ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਲੋਕਾਂ ਨੇ ਆਪਣੇ ਘਰਾਂ ਚ ਆਉਂਦੇ ਅਖ਼ਬਾਰ ਹੀ ਬੰਦ ਕਰਵਾ ਦਿੱਤੇ ਅਤੇ ਕਈ ਥਾਈਂ ਹਾਕਰਾਂ ਨੇ ਅਖ਼ਬਾਰ ਬਣਨੋਂ ਹੀ ਹੱਥ ਖੜ੍ਹੇ ਕਰ ਦਿੱਤੇ । ਜਿਸ ਕਾਰਨ ਚਿੰਤਤ ਅਖ਼ਬਾਰ ਮਾਲਕਾਂ ਨੇ ਅਖ਼ਬਾਰਾਂ ਦੇ ਡਿਜੀਟਲ ਅੰਕ ਕੱਢਣੇ ਸ਼ੁਰੂ ਕਰ ਦਿੱਤੇ ਹਨ । ਇੱਥੇ ਹੀ ਬੱਸ ਨਹੀਂ ਲੋਕਾਂ ਨੂੰ ਅਖ਼ਬਾਰਾਂ ਪੜ੍ਹਾਉਣ ਲਈ ਪੰਜਾਬ ਸਰਕਾਰ ਦੇ ਲੋਕ ਸੰਪਰਕ ਵਿਭਾਗ ਨੇ ਵੀ ਜ਼ਿੰਮੇਵਾਰੀ ਚੁੱਕੀ ਹੈ ਕਿਉਂਕਿ ਅੱਜ ਲੋਕ ਸੰਪਰਕ ਵਿਭਾਗ ਦੇ ਬਣਾਏ ਗਏ ਪ੍ਰੈੱਸ ਪੀਆਰ ਨਾਂ ਦੇ ਵਟਸਐੱਪ ਗਰੁੱਪ ਚ ਦਰਜਨ ਦੇ ਕਰੀਬ ਅਖ਼ਬਾਰਾਂ ਦੇ ਡਿਜੀਟਲ ਅੰਕ ਨੂੰ ਸ਼ੇਅਰ ਕੀਤਾ ਗਿਆ ਹੈ । ਇਸ ਗਰੁੱਪ ਵਿੱਚ ਚੰਡੀਗੜ੍ਹ ਦੇ ਮੁੱਖ ਪੱਤਰਕਾਰ ਵੀ ਹਨ ,ਪਰ ਇਹ ਗਰੁੱਪ ਲੋਕ ਸੰਪਰਕ ਵਿਭਾਗ ਵੱਲੋਂ ਸਿਰਫ਼ ਪੱਤਰਕਾਰਾਂ ਨੂੰ ਜਾਣਕਾਰੀ ਦੇਣ ਲਈ ਹੀ ਰੱਖਿਆ ਹੈ ਅਤੇ ਇਸ ਵਿੱਚ ਪੱਤਰਕਾਰ ਆਪਣੀ ਪੋਸਟ ਨਹੀਂ ਪਾ ਸਕਦੇ ।
ਦੱਸਣਯੋਗ ਹੈ ਕਿ ਪੰਜਾਬ ,ਚੰਡੀਗੜ੍ਹ ਚ ਕਰਫ਼ਿਊ ਦੌਰਾਨ ਅਖ਼ਬਾਰਾਂ ਦੀਆਂ ਪ੍ਰੈਸਾਂ ਤੇ ਡੈਸਕ ਤੇ ਕੰਮ ਕਰਨ ਵਾਲੇ ਸਟਾਫ ਚ ਭਾਵੇਂ ਪ੍ਰਸ਼ਾਸਨ ਵੱਲੋਂ ਕੁਝ ਅਮਲੇ ਚ ਕਟੌਤੀ ਕਰਕੇ ਅਖ਼ਬਾਰਾਂ ਪ੍ਰਿੰਟਿੰਗ ਹੋਣ ਤੋਂ ਲੈ ਕੇ ਸਪਲਾਈ ਤੱਕ ਦੀਆਂ ਸਾਰੀਆਂ ਸੇਵਾਵਾਂ ਬਹਾਲ ਰੱਖੀਆਂ ਹੋਈਆਂ ਹਨ ।
ਇੱਥੇ ਇਹ ਵੀ ਦੱਸਣਯੋਗ ਹੈ ਕਿ ਪਿ੍ਰੰਟ ਮੀਡੀਆ ਇੰਡਸਟਰੀ ਤੇ ਆਰਥਿਕ ਮੰਦਹਾਲੀ ਦੀ ਸੱਟ ਲੱਗਣ ਭਾਵੇਂ ਕਈ ਅਖਬਾਰਾਂ ਨੇ ਐਡੀਟੋਰੀਅਲ ਵੀ ਲਿਖੇ ਅਤੇ ਇੱਥੋਂ ਤੱਕ ਵੱਡੇ ਰਾਜਨੇਤਾਵਾਂ ਤੇ ਮਾਹਿਰਾਂ ਦੇ ਬਿਆਨ ਵੀ ਛਾਪੇ ਕਿ ਅਖ਼ਬਾਰਾਂ ਰਾਹੀਂ ਹੀ ਲੋਕਾਂ ਨੂੰ ਸਹੀ ਜਾਣਕਾਰੀ ਮਿਲਦੀ ਹੈ ।
ਪਰ ਲੋਕ ਕਰੋਨਾ ਵਾਇਰਸ ਦੀ ਦਹਿਸ਼ਤ ਕਾਰਨ ਹੁਣ ਆਨਲਾਈਨ ਮੀਡੀਆ ਜਾਂ ਨਿਊਜ਼ ਚੈਨਲਾਂ ਨਾਲ ਜੁੜ ਚੁੱਕੇ ਹਨ ।
ਇਹ ਵੀ ਦੱਸ ਦਈਏ ਕਿ ਦੇਸ਼ ਵਿੱਚ ਆਜ਼ਾਦੀ ਸਮੇਂ ਤੋਂ ਲੈ ਕੇ ਐਮਰਜੈਂਸੀ ਤੇ ਕਰਫਿਊ ਵਰਗੀਆਂ ਸਥਿਤੀਆਂ ਵੀ ਰਹੀਆਂ ,ਪਰ ਉਸ ਸਮੇਂ ਅਖ਼ਬਾਰਾਂ ਦੀ ਵਿਸ਼ੇਸ਼ ਮਹੱਤਤਾ ਹੁੰਦੀ ਸੀ, ਲੋਕ ਬਲੈਕ ਵਿੱਚ ਵੀ ਅਖ਼ਬਾਰ ਖਰੀਦ ਲੈਂਦੇ ਸਨ ।