ਕਰਨ ਔਜਲਾ ਅਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਤੇ ਛਿੜੇ ਵਿਵਾਦ ਦਾ ਮਾਮਲਾ
ਕਰਨ ਔਜਲਾ ਨੇ ਮਨੀਸ਼ਾ ਗੁਲਾਟੀ ਨੂੰ ਵੀਡੀਓ ਕਾੱਲ ਕਰਕੇ ਦਿੱਤਾ ਸਪਸ਼ਟੀਕਰਨ
ਚੰਡੀਗੜ੍ਹ,24 ਸਤੰਬਰ(ਵਿਸ਼ਵ ਵਾਰਤਾ) ਪੰਜਾਬ ਦੇ ਪ੍ਰਸਿੱਧ ਗਾਇਕ ਕਰਨ ਔਜਲਾ ਅਤੇ ਹਰਜੀਤ ਹਰਮਨ ਦੇ ਗਾਣੇ ‘ਸ਼ਰਾਬ’ ਨੂੰ ਲੈ ਕੇ ਛਿੜੇ ਵਿਵਾਦ ਤੇ ਹੁਣ ਗਾਇਕ ਕਰਨ ਔਜਲਾ ਨੇ ਮਹਿਲਾ ਕਮੀਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨਾਲ ਵੀਡੀਓ ਕਾੱਲ ਰਾਹੀਂ ਗੱਲ ਕੀਤੀ ਹੈ। ਇਸ ਦੌਰਾਨ ਓਹਨਾਂ ਨੇ ਆਪਣਾ ਪੱਖ ਮਨੀਸ਼ਾ ਗੁਲਾਟੀ ਦੇ ਸਾਹਮਣੇ ਰੱਖਿਆ। ਦੱਸ ਦਈਏ ਕਿ ਪੰਜਾਬੀ ਗਾਇਕਾਂ ਕਰਨ ਔਜਲਾ ਅਤੇ ਹਰਜੀਤ ਹਰਮਨ ਨੂੰ ਔਰਤਾਂ ਦੀ ਸ਼ਰਾਬ ਨਾਲ ਤੁਲਨਾ ਕਰਨ ਦੇ ਲਈ ਨੋਟਿਸ ਭੇਜੇ ਗਏ ਸਨ। ਗੁਲਾਟੀ ਨੇ ਜਲੰਧਰ ਦੇ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਨੂੰ ਇੱਕ ਨਿਰਦੇਸ਼ ਵੀ ਭੇਜਿਆ ਸੀ। ਜਿਸ ਵਿੱਚ ਕਰਨ ਔਜਲਾ ਅਤੇ ਹਰਜੀਤ ਹਰਮਨ ਦੇ ਨਾਲ, ਗੀਤ ਰਿਲੀਜ਼ ਕਰਨ ਵਾਲੀ ਕੰਪਨੀ ਦੇ ਮਾਲਕ ਨੂੰ ਵੀ ਚੇਅਰਪਰਸਨ ਦੇ ਸਾਹਮਣੇ ਪੇਸ਼ ਕਰਨ ਲਈ ਕਿਹਾ ਗਿਆ ਸੀ।ਪਰ, ਹੁਣ ਮਨੀਸ਼ਾ ਗੁਲਾਟੀ ਨੇ ਖੁਦ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ, ਜਿਸ ਵਿੱਚ ਉਸਨੇ ਕਿਹਾ ਕਿ ਕਰਨ ਔਜਲਾ ਨੇ ਵੀਡੀਓ ਕਾਲ ਰਾਹੀਂ ਆਪਣਾ ਪੱਖ ਪੇਸ਼ ਕੀਤਾ। ਉਨ੍ਹਾਂ ਨੇ ਹਮੇਸ਼ਾ ਪੰਜਾਬ ਅਤੇ ਪੰਜਾਬੀ ਸੱਭਿਆਚਾਰ ਦੀ ਸੰਭਾਲ ਕੀਤੀ ਹੈ। ਉਹ ਭਵਿੱਖ ਵਿੱਚ ਵੀ ਇਸਦੀ ਦੇਖਭਾਲ ਕਰਨਗੇ। ਉਨ੍ਹਾਂ ਇਹ ਵੀ ਭਰੋਸਾ ਦਿੱਤਾ ਕਿ ਉਹ ਇਸ ਗੱਲ ਦਾ ਧਿਆਨ ਰੱਖਣਗੇ ਕਿ ਭਵਿੱਖ ਵਿੱਚ ਉਨ੍ਹਾਂ ਦੇ ਗੀਤਾਂ ਨਾਲ ਕਿਸੇ ਦੀ ਛਵੀ ਨੂੰ ਨੁਕਸਾਨ ਨਾ ਪਹੁੰਚੇ।