ਕਰਨਾਲ ਮਿੰਨੀ ਸਕੱਤਰੇਤ ਅੱਗੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ
ਜ਼ਿਲ੍ਹੇ ਵਿੱਚ ਇੰਟਰਨੈੱਟ ਤੇ ਐਸਐਮਐਸ ਸੇਵਾਂਵਾਂ ਵੀ ਠੱਪ
ਕਰਨਾਲ,9 ਸਤੰਬਰ(ਵਿਸ਼ਵ ਵਾਰਤਾ) ਹਰਿਆਣਾ ਦੇ ਕਰਨਾਲ ਵਿੱਚ ਬੀਤੇ ਮਹੀਨੇ 28 ਤਰੀਕ ਨੂੰ ਹੋਏ ਲਾਠੀਚਾਰਜ ਦੇ ਵਿਰੋਧ ਵਿੱਚ ਮਿੰਨੀ ਸਕੱਤਰੇਤ ਕਰਨਾਲ ਦੇ ਅੱਗੇ ਧਰਨੇ ਤੇ ਬੈਠੇ ਕਿਸਾਨਾਂ ਦਾ ਧਰਨਾ ਤੀਜੇ ਦਿਨ ਵੀ ਜਾਰੀ ਹੈ। ਦੱਸ ਦਈਏ ਕਿ ਕਿਸਾਨ ਜੱਥੇਬੰਦੀਆਂ ਲਗਾਤਾਰ ਲਾਠੀਚਾਰਜ ਦਾ ਹੁਕਮ ਦੇਣ ਵਾਲੇ ਆਈਏਐਸ ਅਧਿਕਾਰੀ ਨੂੁੰ ਬਰਖ਼ਾਸਤ ਕਰਨ ਤੇ ਉਸ ਖਿਲਾਫ ਧਾਰਾ 302 ਅਤੇ 307 ਅਧੀਨ ਹੱਤਿਆ ਦੇ ਮਾਮਲੇ ਵਿੱਚ ਪਰਚਾ ਦਰਜ ਕਰਨ ਅਤੇ ਲਾਠੀਚਾਰਜ ਵਿੱਚ ਮਾਰੇ ਗਏ ਕਿਸਾਨ ਦੇ ਪਰਿਵਾਰ ਸਮੇਤ ਹੋਰ ਜ਼ਖਮੀਆਂ ਨੂੰ ਮੁਆਵਜਾ ਦੇਣ ਦੀ ਮੰਗ ਤੇ ਅੜੇ ਹੋਏ ਹਨ। ਕਿਸਾਨ ਲੀਡਰਾਂ ਤੇ ਪ੍ਰਸ਼ਾਸ਼ਨ ਵਿਚਾਲੇ ਤਿੰਨ ਤੋਂ ਜ਼ਿਆਦਾ ਬੈਠਕਾਂ ਹੋ ਚੁੱਕੀਆਂ ਹਨ। ਪਰ,ਦੋਨਾਂ ਧਿਰਾਂ ਵਿਚਾਲੇ ਕਿਸੇ ਵੀ ਮੰਗ ਨੂੰ ਲੈ ਕੇ ਸਹਿਮਤੀ ਨਹੀਂ ਬਣ ਸਕੀ ਹੈ। ਪ੍ਰਸ਼ਾਸ਼ਨ ਨੇ ਬੀਤੀ 6 ਤਰੀਕ ਤੋਂ ਹੀ ਕਰਨਾਲ ਵਿੱਚ ਇੰਟਰਨੈੱਟ ਸੇਵਾਂਵਾ ਬੰਦ ਕੀਤੀਆਂ ਹੋਈਆਂ ਹਨ। ਇਸ ਦੇ ਨਾਲ ਹੀ ਦੱਸ ਦਈਏ ਕਿ ਕਿਸਾਨ ਨੇਤਾਵਾਂ ਗੁਰਨਾਮ ਸਿੰਘ ਚੜੂੰਨੀ ਅਤੇ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਪਿਛਲੇ 9 ਮਹੀਨਿਆਂ ਤੋਂ ਦਿੱਲੀ ਦੀਆਂ ਬਰੂਹਾਂ ਤੇ ਲੱਗੇ ਕਿਸਾਨਾਂ ਦੇ ਧਰਨੇ ਦੇ ਨਾਲ ਨਾਲ ਕਰਨਾਲ ਦਾ ਧਰਨਾ ਵੀ ਓਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਕਿਸਾਨਾਂ ਦੀਆਂ ਮੰਗਾਂ ਨਹੀਂ ਮੰਨ ਲੈਂਦੀ।