‘ਕਰਨਾਟਕ ਜਲਦ ਹੀ ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਨੂੰ ਪਛਾੜ ਦੇਵੇਗਾ’, ਕੇਂਦਰੀ ਮੰਤਰੀ ਨੇ ਕਿਉਂ ਕਿਹਾ ਅਜਿਹਾ?
ਬੈਂਗਲੁਰੂ, 26 ਮਈ (ਵਿਸ਼ਵ ਵਾਰਤਾ): ਕਰਨਾਟਕ ਸਰਕਾਰ ‘ਤੇ ਹਮਲਾ ਕਰਦਿਆਂ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਹੈ ਕਿ ਕਰਨਾਟਕ ਜਲਦੀ ਹੀ ਨਸ਼ਿਆਂ ਦੇ ਮਾਮਲੇ ‘ਚ ਪੰਜਾਬ ਨੂੰ ਪਿੱਛੇ ਛੱਡ ਦੇਵੇਗਾ। ਕਰਨਾਟਕ ‘ਚ ਨਸ਼ਾ ਤੇਜ਼ੀ ਨਾਲ ਫੈਲ ਰਿਹਾ ਹੈ ਪਰ ਸੂਬਾ ਸਰਕਾਰ ਕਾਰਵਾਈ ਨਹੀਂ ਕਰ ਰਹੀ ਹੈ। ਜੇਕਰ ਜਲਦੀ ਹੀ ਢੁਕਵੀਂ ਕਾਰਵਾਈ ਨਾ ਕੀਤੀ ਗਈ ਤਾਂ ਕਈ ਲੋਕਾਂ ਦਾ ਭਵਿੱਖ ਬਰਬਾਦ ਹੋ ਜਾਵੇਗਾ।
ਹੁਬਲੀ ‘ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜੋਸ਼ੀ ਨੇ ਕਿਹਾ ਕਿ ਕਰਨਾਟਕ ‘ਚ ਨਸ਼ਾ ਤਸਕਰੀ ਦਾ ਗੈਰ-ਕਾਨੂੰਨੀ ਕਾਰੋਬਾਰ ਤੇਜ਼ੀ ਨਾਲ ਵਧ ਰਿਹਾ ਹੈ। ਹੁਬਲੀ, ਬੈਂਗਲੁਰੂ ਅਤੇ ਮੰਗਲੁਰੂ ਇਸ ਦੇ ਮੁੱਖ ਗੜ੍ਹ ਹਨ। ਸੂਬਾ ਸਰਕਾਰ ਨਸ਼ਾ ਤਸਕਰੀ ਪ੍ਰਤੀ ਗੰਭੀਰ ਨਹੀਂ ਹੈ, ਜਿਸ ਕਾਰਨ ਇਹ ਨਾਜਾਇਜ਼ ਧੰਦਾ ਤੇਜ਼ੀ ਨਾਲ ਵਧ ਰਿਹਾ ਹੈ। ਜੇਕਰ ਸਰਕਾਰ ਚਾਹੁੰਦੀ ਤਾਂ ਪੂਰੇ ਸੂਬੇ ਵਿੱਚ ਡਰੱਗ ਮਾਫੀਆ ਲਈ ਕੋਈ ਥਾਂ ਨਹੀਂ ਸੀ ਹੋਣੀ, ਪਰ ਅਜਿਹਾ ਨਹੀਂ ਹੋ ਰਿਹਾ।
ਸੂਬਾ ਸਰਕਾਰ ‘ਤੇ ਹਮਲਾ ਕਰਦਿਆਂ ਕੇਂਦਰੀ ਮੰਤਰੀ ਨੇ ਕਿਹਾ ਕਿ ਮੁੱਖ ਮੰਤਰੀ ਸਿੱਧਰਮਈਆ ਦੀ ਸਰਕਾਰ ਬਣਨ ਤੋਂ ਬਾਅਦ ਸੂਬੇ ‘ਚ ਬਲਾਤਕਾਰ, ਗੈਂਗ ਵਾਰ, ਡਰੱਗ ਤਸਕਰੀ, ਰੇਵ ਪਾਰਟੀਆਂ, ਫਿਰਕੂ ਹਿੰਸਾ ਦੀਆਂ ਘਟਨਾਵਾਂ ਵਧੀਆਂ ਹਨ। ਸੂਬੇ ਵਿੱਚ ਅਮਨ ਕਾਨੂੰਨ ਦੀ ਸਥਿਤੀ ਬਹੁਤ ਤਰਸਯੋਗ ਹੈ।