ਕਬੱਡੀ ਟੂਰਨਾਮੈਂਟ ਦੌਰਾਨ ਖਿਡਾਰੀ ਦੀ ਮੌਤ
ਚੰਡੀਗੜ੍ਹ, 24 ਫਰਵਰੀ (ਵਿਸ਼ਵ ਵਾਰਤਾ) : ਪੰਜਾਬ ਦੇ ਜਲੰਧਰ ਜ਼ਿਲ੍ਹੇ ਤੋਂ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਕਿ ਕਬੱਡੀ ਟੂਰਨਾਮੈਂਟ ਦੌਰਾਨ ਗੁਰਦਾਸਪੁਰ ਦੇ ਕਬੱਡੀ ਖਿਡਾਰੀ ਅਮਰਪ੍ਰੀਤ ਵਾਸੀ ਘਾਸਪੁਰ ਦੀ ਮੌਤ ਹੋ ਜਾਣ ਨਾਲ ਸੂਬੇ ਵਿਚ ਸੋਗ ਦੀ ਲਹਿਰ ਦੌੜ ਗਈ ਹੈ। ਜਾਣਕਾਰੀ ਅਨੁਸਾਰ ਜਲੰਧਰ ਦੇ ਲੋਹੀਆਂ ਇਲਾਕੇ ਦੇ ਪਿੰਡ ਜੱਕੋਪੁਰ ਕਲਾਂ ਵਿੱਚ ਸ਼ਹੀਦ ਊਧਮ ਸਿੰਘ ਸਪੋਰਟਸ ਐਂਡ ਵੈਲਫੇਅਰ ਕਲੱਬ ਵੱਲੋਂ ਕਰਵਾਏ ਜਾ ਰਹੇ ਕਬੱਡੀ ਟੂਰਨਾਮੈਂਟ ਦੌਰਾਨ ਕਬੱਡੀ ਖਿਡਾਰੀ ਅਮਰ ਵਾਸੀ ਘਾਸਪੁਰ ਦੀ ਮੌਤ ਹੋ ਗਈ। ਇਸੇ ਦੌਰਾਨ ਪਿੰਡ ਜੱਕੋਪੁਰ ਕਲਾਂ ਦੇ ਪ੍ਰਬੰਧਕਾਂ, ਹਲਕਾ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ, ਪਿੰਡ ਜੱਕੋਪੁਰ ਕਲਾਂ ਦੇ ਹਲਕਾ ਇੰਚਾਰਜ ਰਤਨ ਸਿੰਘ ਕੱਕੜ ਕਲਾਂ ਜੋ ਕਿ ‘ਕਬੱਡੀ ਕੱਪ’ ਕਰਵਾ ਰਹੇ ਸਨ, ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਟੂਰਨਾਮੈਂਟ ਰੱਦ ਕਰ ਦਿੱਤਾ। ਕਿਹਾ ਜਾ ਰਿਹਾ ਹੈ ਕਿ ਉਸ ਦੀ ਮੌਤ ਖੇਡਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਹੋਈ ਹੈ। ਖਿਡਾਰੀ ਦਾ ਅੰਤਿਮ ਸਸਕਾਰ ਅੱਜ ਕੀਤਾ ਜਾਵੇਗਾ।