80 ਸਾਲ ਤੋਂ ਉੱਪਰ, ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਦੀ ਸਹੂਲਤ ਲਈ 12 ਡੀ ਫਾਰਮ ਚੋਣ ਅਮਲੇ ਨੂੰ ਸੌਂਪੇ
ਕਪੂਰਥਲਾ, 1 ਜਨਵਰੀ (ਵਿਸ਼ਵ ਵਾਰਤਾ)-ਪੰਜਾਬ ਵਿਧਾਨ ਸਭਾ ਚੋਣਾਂ 2022 ਲਈ ਕਪੂਰਥਲਾ ਵਿਧਾਨ ਸਭਾ ਹਲਕੇ ਅੰਦਰ ਪੋਲਿੰਗ ਸਟਾਫ ਨੂੰ ਸਿਖਲਾਈ ਲਈ 90 ਮਾਸਟਰ ਟਰੇਨਰ ਤਾਇਨਾਤ ਕੀਤੇ ਗਏ ਹਨ, ਜੋ ਕਿ 20 ਜਨਵਰੀ ਤੋਂ ਲੈ ਕੇ ਸਾਰੇ ਪੋਲਿੰਗ ਸਟਾਫ ਨੂੰ ਚੋਣ ਅਮਲ ਬਾਰੇ ਸਿਖਲਾਈ ਦੇਣਗੇ ਤਾਂ ਜੋ ਚੋਣ ਪ੍ਰਕਿ੍ਆ ਨੂੰ ਸਫਲਤਾਪੂਰਵਕ ਨੇਪਰੇ ਚਾੜਿਆ ਜਾ ਸਕੇ।
ਅੱਜ ਕਪੂਰਥਲਾ ਹਲਕੇ ਦੇ ਰਿਟਰਨਿੰਗ ਅਫਸਰ ਡਾ. ਜੈਇੰਦਰ ਸਿੰਘ ਨੇ ਦੱਸਿਆ ਕਿ ਕਪੂਰਥਲਾ ਹਲਕੇ ਅੰਦਰ 148267 ਵੋਟਰਾਂ ਲਈ 196 ਪੋਲਿੰਗ ਬੂਥ ਬਣਾਏ ਗਏ ਹਨ। ਇਨ੍ਹਾਂ ਵੋਟਰਾਂ ਵਿਚੋਂ 77415 ਮਰਦ ਅਤੇ 70834 ਔਰਤਾਂ ਹਨ। ਇਸ ਤੋਂ ਇਲਾਵਾ ਕਪੂਰਥਲਾ ਹਲਕੇ ਅੰਦਰ 80 ਸਾਲ ਜਾਂ ਉਸ ਤੋਂ ਉੱਪਰ ਦੇ ਵੋਟਰਾਂ, ਸਰੀਰਕ ਤੌਰ ’ਤੇ ਅਸਮਰੱਥ ਵੋਟਰਾਂ ਤੇ ਕੋਵਿਡ ਦੇ ਮਰੀਜ਼ਾਂ ਨੂੰ ਘਰ ਤੋਂ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸਹੂਲਤ ਪ੍ਰਦਾਨ ਕਰਨ ਵਾਸਤੇ ਚੋਣ ਅਮਲੇ ਨੂੰ 12 ਡੀ ਫਾਰਮ ਦੇ ਦਿੱਤਾ ਗਿਆ ਹੈ ਤਾਂ ਜੋ 25 ਜਨਵਰੀ ਤੱਕ ਇਨ੍ਹਾਂ ਸ਼੍ਰੇਣੀਆਂ ਦੇ ਯੋਗ ਵੋਟਰਾਂ ਨੂੰ ਪੋਸਟਲ ਬੈਲਟ ਜਾਰੀ ਕੀਤਾ ਜਾ ਸਕੇ।
ਜ਼ਿਕਰਯੋਗ ਹੈ ਕਿ ਕਪੂਰਥਲਾ ਹਲਕੇ ਅੰਦਰ 1158 ਵੋਟਰ ਅਜਿਹੇ ਹਨ ਜੋ ਕਿ ਸਰੀਰਕ ਤੌਰ ’ਤੇ ਅਸਮਰੱਥ ਹਨ। ਇਸੇ ਤਰ੍ਹਾਂ 244 ਸਰਵਿਸ ਵੋਟਰ ਹਨ ਜੋ ਕਿ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੇ ਸਮਰੱਥ ਹੋਣਗੇ।