ਕਪੂਰਥਲਾ ਹਲਕੇ ਦੇ 4 ਸਰਕਾਰੀ ਸਕੂਲ ਹੋਏ ਅਪ੍ਰਗਰੇਡ
ਸਾਬਕਾ ਵਿਧਾਇਕ ਨੇ ਕੀਤਾ ਰਸਮੀ ਉਦਘਾਟਨ
ਅਗਾਮੀ ਵਿਦਿਅਕ ਸ਼ੈਸਨ ਵਿਚ ਸ਼ੁਰੂ ਹੋਣਗੀਆਂ ਨਵੀਆਂ ਕਲਾਸਾਂ
ਕਪੂਰਥਲਾ, 6 ਜਨਵਰੀ(ਵਿਸ਼ਵ ਵਾਰਤਾ)-ਪੰਜਾਬ ਸਰਕਾਰ ਵਲੋਂ ਕਪੂਰਥਲਾ ਹਲਕੇ ਦੇ 4 ਸਰਕਾਰੀ ਸਕੂਲ ਅਪ੍ਰਗੇਡ ਕਰ ਦਿੱਤੇ ਗਏ ਹਨ, ਜਿਨ੍ਹਾਂ ਦੀ ਰਸਮੀ ਸ਼ੁਰੂਆਤ ਅੱਜ ਸਾਬਕਾ ਵਿਧਾਇਕ ਕਪੂਰਥਲਾ ਸ਼੍ਰੀਮਤੀ ਰਾਜਬੰਸ ਕੌਰ ਰਾਣਾ ਤੇ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸ. ਗੁਰਦੀਪ ਸਿੰਘ ਵਲੋਂ ਕੀਤੀ ਗਈ।
ਇਸ ਮੌਕੇ ਬੋਲਦਿਆਂ ਸਾਬਕਾ ਵਿਧਾਇਕ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸਿੱਖਿਆ ਦੇ ਖੇਤਰ ਨੂੰ ਪਹਿਲ ਦਿੱਤੀ ਗਈ, ਜਿਸ ਤਹਿਤ ਸਾਰੇ ਸਕੂਲਾਂ ਨੂੰ ਸਮਾਰਟ ਸਕੂਲਾਂ ਵਜੋਂ ਵਿਕਸਤ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਅੱਜ ਜਿਲ੍ਹੇ ਦੇ 99 ਫੀਸਦੀ ਸਕੂਲ ਸਮਾਰਟ ਸਕੂਲ ਬਣ ਗਏ ਹਨ, ਜਿਸ ਤਹਿਤ ਉਨ੍ਹਾਂ ਅੰਦਰ ਬੁਨਿਆਦੀ ਢਾਂਚੇ ਦੇ ਵਿਕਾਸ ਦੇ ਨਾਲ-ਨਾਲ ਅਤਿ ਆਧੁਨਿਕ ਤਕਨੀਕਾਂ ਰਾਹੀਂ ਸਿੱਖਿਆ ਦਿੱਤੀ ਜਾ ਰਹੀ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਗੁਰਦੀਪ ਸਿੰਘ ਨੇ ਦੱਸਿਆ ਕਿ ਸਰਕਾਰੀ ਮਿਡਲ ਸਕੂਲਾਂ ਕਾਹਲਵਾਂ ਦੋਨਾ, ਅਲੌਦੀਪੁਰ ਤੇ ਝੱਲ ਠੀਕਰੀਵਾਲਾ ਨੂੰ ਸਰਕਾਰੀ ਹਾਈ ਸਕੂਲ ਵਜੋਂ ਅਪਗੇ੍ਰਡ ਕੀਤਾ ਗਿਆ ਹੈ। ਇਸ ਤੋਂ ਇਲਾਵਾ ਸਰਕਾਰੀ ਹਾਈ ਸਕੂਲ ਸ਼ੇਖੂਪੁਰ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਜੋਂ ਅਪਗ੍ਰੇਡ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਸਕੂਲਾਂ ਅੰਦਰ ਨਵੀਆਂ ਕਲਾਸਾਂ ਅਗਾਮੀ ਸ਼ੈਸ਼ਨ ਤੋਂ ਸ਼ੁਰੂ ਹੋ ਜਾਣਗੀਆਂ, ਜਿਸ ਲਈ ਨਵੇਂ ਅਧਿਆਪਕਾਂ ਦੀ ਤਾਇਨਾਤੀ ਵੀ ਕੀਤੀ ਜਾ ਰਹੀ ਹੈ।
ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ, ਗੁਰਦੀਪ ਸਿੰਘ ਬਿਸ਼ਨਪੁਰ ਬਲਾਕ ਸੰਮਤੀ ਮੈਂਬਰ , ਪੁਨੀਤ ਪੁਰੀ ਪਿ੍ਰੰਸੀਪਲ , ਸੁਨੀਲ ਬਜਾਜ, ਰਮਾ ਬਿੰਦਰਾ ਪਿ੍ਰੰਸੀਪਲ ਤੇ ਹੋਰ ਹਾਜ਼ਰ ਸਨ।