ਕਪੂਰਥਲਾ ਪੁਲਿਸ ਵਲੋਂ ਨਸ਼ਾ ਤਸਕਰਾਂ ਖਿਲਾਫ਼ ਆਪ੍ਰੇਸ਼ਨ “2 ਐਸ” (ਸੀਜ ਅਤੇ ਸਰਚ ਆਪ੍ਰੇਸ਼ਨ) ਤਹਿਤ ਭਾਰੀ ਛਾਪੇਮਾਰੀ
ਪੰਜ ਕਿਲੋ ਹੈਰੋਇਨ ਤਸਕਰੀ ਦੇ ਕੇਸ ਵਿਚ ਭਗੌੜੇ ਦੋ “ਏ” ਸ਼੍ਰੇਣੀ ਦੇ ਤਸਕਰਾਂ ਸਮੇਤ ਛੇ ਨਾਮੀ ਤਸਕਰ ਗ੍ਰਿਫ਼ਤਾਰ
525 ਗ੍ਰਾਮ ਹੈਰੋਇਨ, 270 ਗ੍ਰਾਮ ਨਸ਼ੀਲਾ ਪਾਊਡਰ , 960 ਨਸ਼ੀਲੀਆਂ ਗੋਲੀਆਂ , 150 ਕਿਲੋਗ੍ਰਾਮ ਲਾਹਨ ਅਤੇ ਇੱਕ ਸਕਾਰਪੀਓ ਗੱਡੀ ਬਰਾਮਦ
ਕਪੂਰਥਲਾ, 12 ਜੂਨ, (ਵਿਸ਼ਵ ਵਾਰਤਾ)-: – ਪੰਜਾਬ ਸਰਕਾਰ ਦੀ ਨਸ਼ਿਆਂ ਦੇ ਖਾਤਮੇ ਪ੍ਰਤੀ ਵਚਨਬੱਧਤਾ ਦੀ ਲੜੀ ਨੂੰ ਅਗੇ ਤੋਰਦੇ ਹੋਏ ਕਪੂਰਥਲਾ ਪੁਲਿਸ ਨੇ ਨਸ਼ਿਆਂ ਦੀ ਸਪਲਾਈ ਕਰਨ ਵਾਲਿਆਂ ਖਿਲਾਫ਼ ਆਪਣੀ ਮੁਹਿੰਮ ਨੂੰ ਜਾਰੀ ਰਖਦਿਆਂ ਛੇ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ।
ਐਸ.ਐਸ.ਪੀ. ਕਪੂਰਥਲਾ ਹਰਕਮਲਪ੍ਰੀਤ ਸਿੰਘ ਖੱਖ ਵੱਲੋਂ ਨਸ਼ਾ ਤਸਕਰਾਂ ਖਿਲਾਫ਼ ਆਪ੍ਰੇਸ਼ਨ ”2 ਐਸ” (ਸੀਜ ਅਤੇ ਸਰਚ ਆਪ੍ਰੇਸ਼ਨ) ਸ਼ੁਰੂ ਕੀਤਾ ਗਿਆ, ਜਿਸ ਤਹਿਤ ਥਾਣਾ ਸੁਲਤਾਨਪੁਰ ਲੋਧੀ ਦੇ ਬਦਨਾਮ ਪਿੰਡ “ਲਾਟੀਆਂਵਾਲ” ਦੀ ਘੇਰਾਬੰਦੀ ਕਰਕੇ ਨਸ਼ਾ ਤਸਕਰਾਂ ‘ਤੇ ਭਾਰੀ ਛਾਪੇਮਾਰੀ ਕੀਤੀ ਗਈ।
ਇੱਕ ਪ੍ਰੈਸ ਬਿਆਨ ਵਿੱਚ, ਐਸ.ਐਸ.ਪੀ. ਨੇ ਕਿਹਾ ਕਿ ਐਸ.ਪੀ. ਤਫਤੀਸ਼ ਵਿਸ਼ਾਲ ਜੀਤ ਸਿੰਘ ਅਤੇ ਡੀ.ਐਸ.ਪੀ. ਸੁਲਤਾਨਪੁਰ ਲੋਧੀ ਸਰਵਣ ਸਿੰਘ ਬੱਲ ਦੀ ਨਿਗਰਾਨੀ ਹੇਠ ਤਿੰਨ ਐਸ.ਐਚ.ਓਜ਼ ਅਤੇ 160 ਪੁਲਿਸ ਕਰਮਚਾਰੀਆਂ ਦੀਆਂ ਵੱਖ-ਵੱਖ ਪੁਲਿਸ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਨ੍ਹਾਂ ਪੁਲਿਸ ਟੀਮਾਂ ਵਲੋਂ ਅੱਜ ਪਿੰਡ ਲਾਟੀਆਂਵਾਲ ਦੀ ਘੇਰਾਬੰਦੀ ਕਰਕੇ ਅਤੇ ਪਿੰਡ ਵਿਚ ਤਲਾਸ਼ੀ ਮੁਹਿੰਮ ਚਲਾਈ ਗਈ ।
ਉਨ੍ਹਾਂ ਦੱਸਿਆ ਕਿ ਵੱਖ-ਵੱਖ ਪੁਲਿਸ ਟੀਮਾਂ ਨੇ 5 ਕਿੱਲੋ ਹੈਰੋਇਨ ਬਰਾਮਦਗੀ ਦੇ ਮਾਮਲੇ ਵਿਚ ਲੋੜੀਂਦੇ 2 ਭਗੌੜੇ ਅਪਰਾਧੀਆਂ ਸਮੇਤ 6 ਵੱਡੇ ਤਸਕਰਾਂ ਨੂੰ ਕਾਬੂ ਕੀਤਾ ਹੈ ਅਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਭਾਰੀ ਮਾਤਰਾ ਵਿਚ ਨਸ਼ੀਲੇ ਪਦਾਰਥ ਅਤੇ ਨਾਜਾਇਜ਼ ਸ਼ਰਾਬ ਬਰਾਮਦ ਕੀਤੀ।
ਫੜੇ ਗਏ ਤਸਕਰਾਂ ਦੀ ਪਛਾਣ ਰਾਜਵੀਰ ਸਿੰਘ ਉਰਫ ਰਾਜੂ, ਸੁਖਜੀਵਨ ਸਿੰਘ, ਲਖਵਿੰਦਰ ਸਿੰਘ ਉਰਫ ਲੱਖਾ, ਅਮਰਜੀਤ ਸਿੰਘ, ਕੁਲਬੀਰ ਸਿੰਘ ਉਰਫ ਸੋਹਣ ਸਾਰੇ ਵਾਸੀ ਪਿੰਡ ਲਾਟੀਆਂਵਾਲ ਅਤੇ ਹਰਪਾਲ ਸਿੰਘ ਉਰਫ ਪਾਲਾ ਵਾਸੀ ਪਿੰਡ ਤੋਤੀ ਵਜੋਂ ਸੁਲਤਾਨਪੁਰ ਲੋਧੀ ਵਜੋਂ ਹੋਈ ਹੈ।
ਐਸ.ਐਸ.ਪੀ. ਨੇ ਅੱਗੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਤਸਕਰ ਰਾਜਵੀਰ ਸਿੰਘ ਉਰਫ਼ ਰਾਜੂ ਅਤੇ ਸੁਖਜੀਵਨ ਸਿੰਘ ਦੋਵਾਂ ਨੂੰ ਐਨ.ਡੀ.ਪੀ.ਐਸ. ਐਕਟ ਦੀ ਧਾਰਾ 21/29 ਤਹਿਤ ਐਫ.ਆਈ.ਆਰ. ਨੰ. 2626 ਮਿਤੀ 01.08.2019 ਦੇ ਤਹਿਤ ਭਗੌੜਾ ਘੋਸ਼ਿਤ ਕੀਤਾ ਗਿਆ ਸੀ ਅਤੇ ਪਿਛਲੇ ਕੁਝ ਸਾਲਾਂ ਤੋਂ ਫਰਾਰ ਸਨ। ਇਨ੍ਹਾਂ ਖਿਲਾਫ਼ ਐਨ. ਡੀ. ਪੀ. ਐਕਟ ਤਹਿਤ ਪਹਿਲਾਂ ਵੀ ਕਈ ਕੇਸ ਦਰਜ ਹਨ।
ਉਨ੍ਹਾਂ ਦੱਸਿਆ ਕਿ ਇਸ ਕਾਰਵਾਈ ਦੌਰਾਨ ਪੁਲਿਸ ਨੇ ਦੋਸ਼ੀ ਰਾਜਵੀਰ ਸਿੰਘ ਉਰਫ ਰਾਜੂ ਕੋਲੋਂ 260 ਗ੍ਰਾਮ ਹੈਰੋਇਨ ਅਤੇ ਸੁਖਜੀਵਨ ਸਿੰਘ ਕੋਲੋਂ 265 ਗ੍ਰਾਮ ਹੈਰੋਇਨ , ਲਖਵਿੰਦਰ ਸਿੰਘ ਉਰਫ ਲੱਖਾ ਕੋਲੋਂ 450 ਨਸ਼ੀਲੀਆਂ ਗੋਲੀਆਂ, ਅਮਰਜੀਤ ਸਿੰਘ ਕੋਲੋਂ 510 ਨਸ਼ੀਲੀਆਂ ਗੋਲੀਆਂ, ਹਰਪਾਲ ਸਿੰਘ ਉਰਫ ਪਾਲਾ ਕੋਲੋਂ 270 ਗ੍ਰਾਮ ਨਸ਼ੀਲਾ ਪਾਉਡਰ ਅਤੇ ਇੱਕ ਸਕਾਰਪੀਓ ਕਾਰ ਨੂੰ ਕਾਬੂ ਕੀਤਾ ਹੈ। ਇਸੇ ਤਰ੍ਹਾਂ ਦੋਸ਼ੀ ਕੁਲਬੀਰ ਸਿੰਘ ਸੋਹਨ ਕੋਲੋਂ 150 ਕਿੱਲੋ ਨਾਜਾਇਜ਼ ਲਾਹਨ ਵੀ ਕਾਬੂ ਕੀਤੀ ਗਈ ਹੈ।
ਥਾਣਾ ਸੁਲਤਾਨਪੁਰ ਲੋਧੀ ਵਿੱਚ ਐਨ.ਡੀ.ਪੀ.ਐਸ. ਐਕਟ ਅਤੇ ਆਬਕਾਰੀ ਐਕਟ ਦੀਆਂ ਸਬੰਧਤ ਧਾਰਾਵਾਂ ਤਹਿਤ ਇਨ੍ਹਾਂ ਨਸ਼ਾ ਤਸਕਰਾਂ ਵਿਰੁੱਧ ਛੇ ਵੱਖ-ਵੱਖ ਕੇਸ ਦਰਜ ਕੀਤੇ ਗਏ ਹਨ। ਐਸ.ਐਸ.ਪੀ. ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਤਸਕਰ ਨੂੰ ਪੁਲਿਸ ਵੱਲੋਂ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ‘ਤੇ ਲਿਆ ਕੇ ਅੱਗਲੇਰੀ ਜਾਂਚ ਮੁਕੰਮਲ ਕੀਤੀ ਜਾਵੇਗੀ।
ਐਸ.ਐਸ.ਪੀ. ਨੇ ਦੁਹਰਾਇਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਅਨੁਸਾਰ ਨਸ਼ਿਆਂ ਵਿਰੁੱਧ ਕਾਰਵਾਈ ਵਿਚ ਕਿਸੇ ਵੀ ਪ੍ਰਕਾਰ ਦੀ ਢਿੱਲ ਨਹੀਂ ਦਿੱਤੀ ਜਾਵੇਗੀ ਅਤੇ ਆਉਣ ਵਾਲੇ ਦਿਨਾਂ ਵਿੱਚ ਆਪ੍ਰੇਸ਼ਨ “2 ਐਸ” ਅਧੀਨ ਹੋਰ ਪਿੰਡਾਂ ਵਿਚ ਵੀ ਛਾਪੇਮਾਰੀ ਕੀਤੀ ਜਾਵੇਗੀ।