ਕਪੂਰਥਲਾ ਪੁਲਿਸ ਨੇ 19 ਘੰਟਿਆਂ ਦੇ ਅੰਦਰ ਕਤਲ ਅਤੇ ਹਾਈਵੇਅ ਤੇ ਲੁੱਟ ਕਰਨ ਵਾਲੇ ਗਿਰੋਹ ਦੇ ਚਾਰ ਮੈਂਬਰਾਂ ਨੂੰ ਕੀਤਾ ਕਾਬੂ
ਕਾਤਲਾਂ ਨੇ ਟਰੱਕ ਚਾਲਕ ਦਾ ਗਲਾ ਰੇਤ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਲਾਸ਼ ਨੂੰ ਬਿਆਸ ਨਦੀ ਵਿੱਚ ਸੁੱਟ ਦਿੱਤਾ ਸੀ
ਪੁਲਿਸ ਵਲੋਂ ਟਰੱਕ ਵਿੱਚੋ ਲੁੱਟਿਆ ਲੋਹਾ, ਟਰੱਕ ਅਤੇ ਕਤਲ ਕਰਨ ਲਈ ਵਰਤਿਆ ਹਥਿਆਰ ਬਰਾਮਦ, ਮ੍ਰਿਤਕ ਦੀ ਲਾਸ਼ ਨੂੰ ਵੀ ਕੀਤਾ ਬਰਾਮਦ
ਲੁੱਟੇ ਗਏ ਲੋਹੇ ਨੂੰ ਜਾਣ ਬੁੱਝ ਕੇ ਖਰੀਦਣ ਲਈ ਦੋ ਸਕ੍ਰੈਪ ਡੀਲਰਾਂ ਉੱਤੇ ਵੀ ਮੁਕੱਦਮਾ ਕੀਤਾ ਦਰਜ
ਕਪੂਰਥਲਾ, 12 ਜੁਲਾਈ : ਕਤਲ ਅਤੇ ਹਾਈਵੇਅ ਲੁੱਟ ਦੇ ਮਾਮਲੇ ਨੂੰ 19 ਘੰਟਿਆਂ ਦੇ ਅੰਦਰ ਸੁਲਝਾਉਂਦਿਆਂ ਕਪੂਰਥਲਾ ਪੁਲਿਸ ਨੇ ਚਾਰ ਅਪਰਾਧੀਆਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਨੇ ਇਕ ਟਰੱਕ ਵਿੱਚ ਲੱਦੇ ਲੋਹੇ ਨੂੰ ਲੁੱਟਣ ਲਈ ਟਰੱਕ ਡਰਾਈਵਰ ਦਾ ਗਲਾ ਰੇਤ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਅਤੇ ਉਸਦੀ ਲਾਸ਼ ਨੂੰ ਬਿਆਸ ਦਰਿਆ ਵਿੱਚ ਸੁੱਟ ਦਿੱਤਾ ਸੀ।
ਗ੍ਰਿਫਤਾਰ ਕੀਤੇ ਗਏ ਅਪਰਾਧੀਆਂ ਦੀ ਪਛਾਣ ਮਨਪ੍ਰੀਤ ਸਿੰਘ, ਹਰਜੀਤ ਸਿੰਘ, ਗੁਰਮੇਲ ਸਿੰਘ, ਅਤੇ ਸੁਖਜਿੰਦਰ ਸਿੰਘ ਵਜੋਂ ਹੋਈ ਹੈ, ਜੋ ਕਿ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਹਿੱਸਿਆਂ ਦੇ ਰਹਿਣ ਵਾਲੇ ਹਨ।
ਇਥੇ ਇੱਕ ਪ੍ਰੈਸ ਬਿਆਨ ਜਾਰੀ ਕਰਦਿਆਂ ਐਸਐਸਪੀ ਹਰਕਮਲਪ੍ਰੀਤ ਸਿੰਘ ਖੱਖ ਨੇ ਕਿਹਾ ਕਿ ਮਨਪ੍ਰੀਤ ਮੰਨਾ ਇਸ ਗਿਰੋਹ ਦਾ ਕਿੰਗਪਿਨ ਹੈ ਅਤੇ ਇਸ ਗਿਰੋਹ ਨੇ ਪੰਜਾਬ ਅਤੇ ਹੋਰ ਰਾਜਾਂ ਵਿੱਚ ਇਸ ਤਰ੍ਹਾਂ ਦੇ ਕਤਲ ਅਤੇ ਹਾਈਵੇਅ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦਿਤਾ ਹੈ ਉਨ੍ਹਾਂ ਦੱਸਿਆ ਕਿ ਕਿੰਗਪਿਨ ਮਨਪ੍ਰੀਤ ਮੰਨਾ ਤਿੰਨ ਮਾਮਲਿਆਂ ਵਿੱਚ ਭਗੌੜਾ ਘੋਸ਼ਿਤ ਹੈ ਜਿਨ੍ਹਾਂ ਵਿੱਚ ਗੁਹਾਟੀ, ਅਸਾਮ ਵਿੱਚ ਇਕ ਕਤਲ ਦਾ ਕੇਸ , ਅੰਮ੍ਰਿਤਸਰ ਤੋਂ ਟਰੱਕ ਚੋਰੀ ਕਰਨ ਅਤੇ ਐਨਡੀਪੀਐਸ ਦੇ ਕੇਸ ਸ਼ਾਮਿਲ ਹਨ।
ਓਹਨਾਂ ਨੇ ਅੱਗੇ ਕਿਹਾ ਕਿ ਕੱਲ ਸ਼ਾਮ ਸੱਤ ਵਜੇ ਥਾਣਾ ਢਿਲਵਾਂ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕੁਝ ਅਪਰਾਧੀਆਂ ਵਲੋਂ ਇੱਕ ਟਰੱਕ ਚਾਲਕ ਮਨਜੀਤ ਸਿੰਘ ਵਾਸੀ ਪਿੰਡ ਦੌਲਤਪੁਰ, ਬੇਗੋਵਾਲ ਦੀ ਹੱਤਿਆ ਕਰ ਦਿੱਤੀ ਗਈ ਹੈ ਅਤੇ ਉਸਦੀ ਲਾਸ਼ ਨੂੰ ਬਿਆਸ ਦਰਿਆ ਦੇ ਪੁਲ ਤੋਂ ਹੇਠਾਂ ਸੁੱਟ ਦਿੱਤਾ ਗਿਆ ਸੀ।
ਉਨ੍ਹਾਂ ਕਿਹਾ ਕਿ ਤੇਜ਼ੀ ਨਾਲ ਕਾਰਵਾਈ ਕਰਦਿਆਂ ਏਐਸਪੀ ਭੁਲੱਥ ਸ੍ਰੀ ਅਜੈ ਗਾਂਧੀ ਦੀ ਨਿਗਰਾਨੀ ਹੇਠ ਥਾਣਾ ਢਿਲਵਾਂ ਦੇ ਐਸਐਚਓ ਅਤੇ ਹੋਰ ਪੁਲਿਸ ਸਟਾਫ ਨੂੰ ਸ਼ਾਮਲ ਕਰਦਿਆਂ ਕਈ ਵਿਸ਼ੇਸ਼ ਪੁਲਿਸ ਟੀਮਾਂ ਗਠਿਤ ਕੀਤੀਆਂ ਗਈਆਂ ਸਨ, ਜਿਨ੍ਹਾਂ ਨੇ ਮ੍ਰਿਤਕ ਦੇ ਚਚੇਰੇ ਭਰਾ ਨਿਸ਼ਾਨ ਸਿੰਘ ਦੇ ਬਿਆਨ ਤੇ ਭਾਰਤੀ ਦੰਡ ਅਧਿਨਿਯਮ ਦੀ ਧਾਰਾ 302,201,392,120-ਬੀ ਦੇ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕੀਤੀ ਸੀ.
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਵਲੋਂ ਤਫਤੀਸ਼ ਦੌਰਾਨ ਸ਼ਨਾਖਤ ਹੋਏ ਮੁਲਜ਼ਮਾਂ ਦੇ ਸੰਭਾਵਿਤ ਠਿਕਾਨਿਆ ‘ਤੇ ਛਾਪੇਮਾਰੀ ਕੀਤੀ ਜਾ ਰਹੀ ਸੀ ਅਤੇ ਉਸੇ ਸਮੇਂ ਇੱਕ ਸੂਤਰ ਤੋਂ ਜਾਣਕਾਰੀ ਮਿਲੀ ਕਿ ਦੋਸ਼ੀ ਲੁੱਟੇ ਹੋਏ ਟਰੱਕ ਨੰਬਰ (ਪੀਬੀ 10-ਸੀਐਲ -9291) ਵਿੱਚ ਬੱਸ ਸਟੈਂਡ ਉਮਰਪੁਰਾ, ਅੰਮ੍ਰਿਤਸਰ ਵਿਖੇ ਮੌਜੂਦ ਹਨ। । ਪੁਲਿਸ ਟੀਮ ਤੁਰੰਤ ਮੌਕੇ ‘ਤੇ ਪਹੁੰਚ ਗਈ ਅਤੇ ਚਾਰੇ ਮੁਲਜ਼ਮਾਂ ਨੂੰ ਕਾਬੂ ਕਰ ਓਹਨਾਂ ਤੋ ਲੁੱਟੇ ਹੋਏ ਟਰੱਕ ਨੂੰ ਮੌਕੇ ਤੋਂ ਬਰਾਮਦ ਕਰ ਲਿਆ।
ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੋਂ ਮੁਢਲੀ ਪੁੱਛਗਿੱਛ ਦੌਰਾਨ ਉਨ੍ਹਾਂ ਨੇ ਆਪਣਾ ਗੁਨਾਹ ਕਬੂਲ ਕੀਤਾ ਅਤੇ ਖੁਲਾਸਾ ਕੀਤਾ ਕਿ ਮਨਪ੍ਰੀਤ ਸਿੰਘ ਮੰਨਾ ਇਸ ਗਿਰੋਹ ਦਾ ਕਿੰਗਪਿਨ ਹੈ ਅਤੇ ਉਨ੍ਹਾਂ ਦਾ ਇੱਕੋ-ਇੱਕ ਮਨੋਰਥ ਟਰੱਕ ਵਿੱਚ ਲੋਹੇ ਨਾਲ ਭਰੇ ਮਾਲ ਦੀ ਲੁੱਟ ਕਰਨਾ ਸੀ। ਉਨ੍ਹਾਂ ਇਹ ਵੀ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਲੁੱਟਿਆ ਲੋਹਾ ਪਿੰਡ ਉਮਰਪੁਰਾ ਵਾਸੀ ਸਕ੍ਰੈਪ ਡੀਲਰ ਜਸਵਿੰਦਰ ਸਿੰਘ ਪੁੱਤਰ ਨਿਧਾਨ ਸਿੰਘ ਅਤੇ ਸ਼ਮਸ਼ੇਰ ਸਿੰਘ ਪੁੱਤਰ ਅਜੀਤ ਸਿੰਘ ਨੂੰ ਵੇਚ ਦਿੱਤਾ ਹੈ।
ਐਸਐਸਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਜਸਵਿੰਦਰ ਸਿੰਘ ਅਤੇ ਸ਼ਮਸ਼ੇਰ ਸਿੰਘ ਨੂੰ ਵੀ ਇਸ ਮਾਮਲੇ ਵਿੱਚ ਜਾਣ ਬੁੱਝ ਕੇ ਲੁੱਟਿਆ ਲੋਹਾ ਖਰੀਦਣ ਲਈ ਕੇਸ ਵਿਚ ਨਾਮਜਦ ਕਰਕੇ ਉਨ੍ਹਾਂ ਦੇ ਠਿਕਾਣੇ ’ਤੇ ਛਾਪਾ ਮਾਰਿਆ ਗਿਆ ਸੀ, ਜਿੱਥੋਂ ਦੋਵੇਂ ਪੁਲਿਸ ਪਾਰਟੀ ਨੂੰ ਵੇਖ ਕੇ ਭੱਜਣ ਵਿੱਚ ਕਾਮਯਾਬ ਹੋ ਗਏ ਪਰ ਪੁਲਿਸ ਟੀਮ ਨੇ ਉਨ੍ਹਾਂ ਦੀ ਦੁਕਾਨ ਵਿੱਚੋਂ ਲੁੱਟਿਆ ਹੋਇਆ ਲੋਹਾ ਬਰਾਮਦ ਕਰ ਲਿਆ ਹੈ।
ਐਸਐਸਪੀ ਨੇ ਕਿਹਾ ਕਿ ਮੁਲਜ਼ਮਾਂ ਨੂੰ ਅੱਜ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ‘ਤੇ ਲਿਆ ਜਾਵੇਗਾ ਕਿਉਂਕਿ ਓਹਨਾਂ ਦੇ ਅਜਿਹੀਆਂ ਹੋਰ ਘਟਨਾਵਾਂ ਵਿੱਚ ਸ਼ਾਮਿਲ ਹੋਣ ਬਾਰੇ ਹੋਰ ਬਹੁਤ ਸਾਰੇ ਖੁਲਾਸੇ ਹੋਣ ਦੀ ਵੀ ਉਮੀਦ ਹੈ।
ਉਨ੍ਹਾਂ ਦੱਸਿਆ ਕਿ ਬਿਆਸ ਤੋਂ ਮ੍ਰਿਤਕ ਦੀ ਲਾਸ਼ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ ਅਤੇ ਪੋਸਟ ਮਾਰਟਮ ਤੋਂ ਬਾਅਦ ਪਰਿਵਾਰ ਨੂੰ ਸੌਂਪ ਦਿੱਤੀ ਗਈ ਹੈ।