ਕਪੂਰਥਲਾ ਪੁਲਿਸ ਨੇ ਅੰਤਰਰਾਜੀ ਡਰੱਗ ਰੈਕੇਟ ਦਾ ਕੀਤਾ ਪਰਦਾਫਾਸ਼,
ਦੋ ਨਸ਼ਾ ਤਸਕਰਾਂ ਨੂੰ ਕੀਤਾ ਗ੍ਰਿਫਤਾਰਸੇਬ ਦੇ ਡੱਬਿਆਂ ਵਿੱਚ ਛੁਪਾਈ ਹੋਈ 170 ਕਿਲੋ ਭੁੱਕੀ ਸਮੇਤ ਇੱਕ ਟਰੱਕ ਕੀਤਾ ਬਰਾਮਦ
ਕਪੂਰਥਲਾ, 25 ਨਵੰਬਰ(ਵਿਸ਼ਵ ਵਾਰਤਾ)-ਪੰਜਾਬ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਅਤੇ ਪੁਲਿਸ ਡਾਇਰੈਕਟਰ ਜਨਰਲ (ਡੀ.ਜੀ.ਪੀ.) ਆਈ.ਪੀ.ਐਸ ਸਹੋਤਾ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸੂਬੇ ਵਿੱਚੋਂ ਨਸ਼ਿਆਂ ਦੇ ਖਾਤਮੇ ਲਈ ਕਪੂਰਥਲਾ ਪੁਲਿਸ ਨੇ ਭੁੱਕੀ ਦੀ ਤਸਕਰੀ ਦੇ ਇੱਕ ਅੰਤਰਰਾਜੀ ਰੈਕੇਟ ਦਾ ਪਰਦਾਫਾਸ਼ ਕਰਦੇ ਹੋਏ ਵੀਰਵਾਰ ਨੂੰ ਨਸ਼ਿਆਂ ਵਿਰੁੱਧ ਆਪਣੀ ਜੰਗ ਜਾਰੀ ਰੱਖਦੇ ਹੋਏ ਸੇਬ ਦੇ ਡੱਬਿਆਂ ਵਿੱਚ ਛੁਪਾਈ 170 ਕਿਲੋ ਭੁੱਕੀ ਟਰੱਕ ਵਿੱਚੋਂ ਬਰਾਮਦ ਕਰਕੇ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਫੜੇ ਗਏ ਮੁਲਜ਼ਮਾਂ ਦੀ ਪਛਾਣ ਇੰਦਰਜੀਤ ਸਿੰਘ ਉਰਫ ਬਾਵਾ ਵਾਸੀ ਨਿਊ ਆਜ਼ਾਦ ਨਗਰ, ਬਹਾਦਰਕੇ ਅਤੇ ਰੌਕੀ ਪੁੱਤਰ ਬਾਬੂ ਲਾਲ ਵਾਸੀ ਟਿੱਬਾ ਰੋਡ, ਨੇੜੇ ਗੈਸ ਏਜੰਸੀ ਲੁਧਿਆਣਾ ਦੇ ਵਜੋਂ ਹੋਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਸੀਨੀਅਰ ਪੁਲਿਸ ਕਪਤਾਨ (ਐਸ.ਐਸ.ਪੀ.) ਹਰਕਮਲਪ੍ਰੀਤ ਸਿੰਘ ਖੱਖ ਨੇ ਦੱਸਿਆ ਕਿ ਪੁਲਿਸ ਕਪੂਰਥਲਾ ਵਿੱਚ ਸਰਗਰਮ ਨਸ਼ੀਲੇ ਪਦਾਰਥਾਂ ਦੇ ਤਸਕਰਾਂ ਦੀਆਂ ਗਤੀਵਿਧੀਆਂ ‘ਤੇ ਤਿੱਖੀ ਨਜ਼ਰ ਰੱਖ ਰਹੀ ਹੈ।
ਉਨ੍ਹਾਂ ਦੱਸਿਆ ਕਿ ਐਸ.ਪੀ (ਇਨਵੈਸਟੀਗੇਸ਼ਨ) ਕਪੂਰਥਲਾ ਦੀ ਦੇਖ-ਰੇਖ ਹੇਠ ਵਿਸ਼ੇਸ਼ ਚੈਕਿੰਗ ਟੀਮਾਂ ਦਾ ਗਠਨ ਕੀਤਾ ਗਿਆ ਸੀ, ਜਿਸ ਦੀ ਸੂਚਨਾ ਮਿਲਣ ‘ਤੇ ਡੀ.ਐਸ.ਪੀ ਡੀ ਕਪੂਰਥਲਾ ਅੰਮ੍ਰਿਤ ਸਰੂਪ ਅਤੇ ਇੰਚਾਰਜ ਸੀ.ਆਈ.ਏ ਸਟਾਫ ਕਪੂਰਥਲਾ ਸੁਰਜੀਤ ਸਿੰਘ ਦੀ ਅਗਵਾਈ ਹੇਠ ਇੱਕ ਟੀਮ ਫਗਵਾੜਾ ਹਾਈਵੇ ‘ਤੇ ਗਸ਼ਤ ਕਰ ਰਹੀ ਸੀ।
ਉਨ੍ਹਾਂ ਦੱਸਿਆ ਕਿ ਟੀਮ ਨੇ ਰਜਿਸਟ੍ਰੇਸ਼ਨ ਨੰਬਰ (ਪੀਬੀ-10-ਈਐਸ-1227) ਵਾਲੇ ਟਰੱਕ ਜੋ ਜੰਮੂ-ਕਸ਼ਮੀਰ ਤੋਂ ਆ ਰਿਹਾ ਸੀ ਨੂੰ ਰੋਕ ਕੇ ਚੈਕਿੰਗ ਕੀਤੀ ਅਤੇ ਦੋਰਾਨੇ ਚੈਕਿੰਗ ਟਰੱਕ ਵਿੱਚੋਂ ਸੇਬਾਂ ਦੇ ਡੱਬਿਆਂ ਵਿੱਚ ਛੁਪਾ ਕੇ ਰੱਖੀ 170 ਕਿਲੋ ਭੁੱਕੀ ਬਰਾਮਦ ਕੀਤੀ।
ਐਸਐਸਪੀ ਨੇ ਦੱਸਿਆ ਕਿ ਪੰਜਾਬ ਦੇ ਗ੍ਰਹਿ ਮੰਤਰੀ ਵੱਲੋਂ ਜੰਮੂ-ਕਸ਼ਮੀਰ ਤੋਂ ਵਿਸ਼ੇਸ਼ ਤੌਰ ‘ਤੇ ਆਉਣ ਵਾਲੇ ਅੰਤਰਰਾਜੀ ਵਾਹਨਾਂ ਦੀ ਚੈਕਿੰਗ ਕਰਨ ਦੇ ਨਿਰਦੇਸ਼ਾਂ ਤੋਂ ਬਾਅਦ ਪਿਛਲੇ 15 ਦਿਨਾਂ ਵਿੱਚ ਕਪੂਰਥਲਾ ਪੁਲਿਸ ਵੱਲੋਂ ਇਹ ਦੂਜੀ ਵੱਡੀ ਕਾਰਵਾਈ ਹੈ। 14 ਨਵੰਬਰ ਨੂੰ ਵੀ ਪੁਲਿਸ ਨੇ 250 ਕਿਲੋ ਭੁੱਕੀ ਬਰਾਮਦ ਕੀਤੀ ਸੀ ਅਤੇ ਦੋ ਤਸਕਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਸੀ।
ਐਸਐਸਪੀ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਧਾਰਾ 15 (ਸੀ), 25, 29, 61 ਅਤੇ 85 ਐਨਡੀਪੀਐਸ ਐਕਟ ਥਾਣਾ ਸਦਰ ਫਗਵਾੜਾ ਦੇ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ ਅਤੇ ਇਨ੍ਹਾਂ ਦੇ ਖੁਲਾਸੇ ’ਤੇ ਤਿੰਨ ਮੁਲਜ਼ਮਾਂ ਬਲਜਿੰਦਰ ਸਿੰਘ ਵਾਸੀ ਰੁੜਕਾ ਖੁਰਦ ਜਲੰਧਰ, ਨਿੱਕਾ ਗੁੱਜਰ ਨੇੜੇ ਸੁਧਾਰ ਲੁਧਿਆਣਾ ਅਤੇ ਬਸ਼ੀਰ ਅਹਿਮਦ ਵਾਸੀ ਬਕੋਰਾ ਗੰਦਾਰਵਾਲ ਜੰਮੂ ਕਸ਼ਮੀਰ ਨੂੰ ਉਕਤ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਉਨ੍ਹਾਂ ਦੱਸਿਆ ਕਿ ਬਾਕੀ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਦੱਸਿਆ ਕਿ ਮੁਲਜ਼ਮਾਂ ਨੂੰ ਸਥਾਨਕ ਅਦਾਲਤਾਂ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕਰਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ ਅਤੇ ਰੈਕੇਟ ਦੇ ਬਾਕੀ ਮੈਂਬਰਾਂ ਨੂੰ ਕਾਬੂ ਕੀਤਾ ਜਾਵੇਗਾ।