ਕਪੂਰਥਲਾ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਵੋਟਾਂ 20 ਫ਼ਰਵਰੀ ਨੂੰ-ਜ਼ਿਲ੍ਹਾ ਚੋਣ ਅਫ਼ਸਰ
ਕਪੂਰਥਲਾ,17 ਜਨਵਰੀ(ਵਿਸ਼ਵ ਵਾਰਤਾ)-ਜ਼ਿਲ੍ਹਾ ਚੋਣ ਅਫ਼ਸਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਦੱਸਿਆ ਹੈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ 2022 ਦੀ ਸਮਾਂ ਸਾਰਨੀ ਵਿਚ ਕੀਤੇ ਬਦਲਾਅ ਅਨੁਸਾਰ ਹੁਣ ਜ਼ਿਲ੍ਹਾ ਕਪੂਰਥਲਾ ਦੇ ਚਾਰਾਂ ਵਿਧਾਨ ਸਭਾ ਹਲਕਿਆਂ ਭੁਲੱਥ,ਫਗਵਾੜਾ,ਸੁਲਤਾਨਪੁਰ ਤੇ ਕਪੂਰਥਲਾ ਲਈ ਵੋਟਾਂ 14 ਫ਼ਰਵਰੀ ਦੀ ਥਾਂ ਹੁਣ 20 ਫ਼ਰਵਰੀ ਨੂੰ ਪੈਣਗੀਆਂ।
ਉਨ੍ਹਾਂ ਦੱਸਿਆ ਕਿ ਹੁਣ ਚਾਰਾਂ ਵਿਧਾਨ ਸਭਾ ਹਲਕਿਆਂ ਲਈ ਨਾਮਜ਼ਦਗੀਆਂ ਵਾਸਤੇ ਨੋਟੀਫ਼ਿਕੇਸ਼ਨ 25 ਜਨਵਰੀ ਨੂੰ ਹੋਵੇਗਾ ਅਤੇ ਨਾਮਜ਼ਦਗੀਆਂ 25 ਜਨਵਰੀ ਤੋਂ 1 ਫ਼ਰਵਰੀ ਤੱਕ ਕੀਤੀਆਂ ਜਾ ਸਕਣਗੀਆਂ। ਉਨ੍ਹਾਂ ਦੱਸਿਆ ਕਿ 2 ਫ਼ਰਵਰੀ ਦਿਨ ਬੁੱਧਵਾਰ ਨੂੰ ਨਾਮਜ਼ਦਗੀ ਪੱਤਰਾਂ ਦੀ ਪੜਤਾਲ ਹੋਵੇਗੀ ਅਤੇ 4 ਫ਼ਰਵਰੀ ਸ਼ੁੱਕਰਵਾਰ ਤੱਕ ਨਾਮਜ਼ਦਗੀ ਪੱਤਰ ਵਾਪਸ ਲਏ ਜਾ ਸਕਣਗੇ।
ਉਨ੍ਹਾਂ ਦੱਸਿਆਂ ਕਿ ਚਾਰਾਂ ਵਿਧਾਨ ਸਭਾ ਹਲਕਿਆਂ ਦੇ 622335 ਵੋਟਰ 20 ਫ਼ਰਵਰੀ ਦਿਨ ਐਤਵਾਰ ਨੂੰ ਆਪਣੇ ਜ਼ਮਹੂਰੀ ਹੱਕ ਦੀ ਵਰਤੋਂ ਕਰ ਸਕਣਗੇ। ਉਨਾਂ ਚਾਰਾਂ ਵਿਧਾਨ ਸਭਾ ਹਲਕਿਆਂ ਦੇ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਚੋਣ ਪ੍ਰਕਿਰਿਆਂ ਵਿਚ ਬਦਲਾਅ ਦੇ ਮੱਦੇਨਜ਼ਰ ਵੋਟਰਾਂ ਦੀ ਸਹੂਲਤ ਅਤੇ ਬਦਲਵੇਂ ਪ੍ਰਬੰਧ ਤੁਰੰਤ ਕਰਨ। ਵੋਟਾਂ ਦੀ ਗਿਣਤੀ ਪਹਿਲਾਂ ਵਾਂਗ ਹੀ ਵਿਰਸਾ ਵਿਹਾਰ ਕਪੂਰਥਲਾ ਵਿਖੇ 10 ਮਾਰਚ ਨੂੰ ਹੋਵੇਗੀ।