ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਮਿੱਥੇ ਟੀਚੇ ਦੇ ਅੱਧ ਤੋਂ ਪਾਰ
1 ਲੱਖ 79 ਹਜ਼ਾਰ ਮੀਟਰਕ ਟਨ ਦੀ ਹੋਈ ਖਰੀਦ- ਪਨਗਰੇਨ ਖਰੀਦ ਵਿਚ ਮੋਹਰੀ
ਕਪੂਰਥਲਾ, 23 ਅਪ੍ਰੈਲ(ਵਿਸ਼ਵ ਵਾਰਤਾ)-ਕਪੂਰਥਲਾ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਤਰੀਕੇ ਨਾਲ ਜਾਰੀ ਹੈ ਅਤੇ ਬੀਤੇ ਕੱਲ੍ਹ ਤੱਕ ਮਿੱਥੇ ਗਏ ਟੀਚੇ ਦੇ ਅੱਧ ਤੋਂ ਵੱਧ ਕਣਕ ਦੀ ਖਰੀਦ ਕੀਤੀ ਜਾ ਚੁੱਕੀ ਹੈ।
ਡਿਪਟੀ ਕਮਿਸ਼ਨਰ ਸ੍ਰੀ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜਿਲ੍ਹੇ ਵਿਚ ਕਣਕ ਦੀ ਖਰੀਦ ਦਾ ਟੀਚਾ ਲਗਭਗ 3 ਲੱਖ ਮੀਟਰਕ ਟਨ ਹੈ, ਜਿਸ ਵਿਚੋਂ 1,79, 919 ਮੀਟਰਕ ਟਨ ਦੀ ਖਰੀਦ ਹੋ ਗਈ ਹੈ। ਜਿਲ੍ਹੇ ਦੀਆਂ 42 ਮੰਡੀਆਂ ਵਿਚ 176935 ਮੀਟਰਕ ਟਨ ਕਣਕ ਦੀ ਆਮਦ ਹੋਈ ਹੈ, ਜਿਸ ਨੂੰ ਨਾਲੋ-ਨਾਲ ਖਰੀਦਿਆ ਜਾ ਰਿਹਾ ਹੈ।
ਖਰੀਦ ਏਜੰਸੀਆਂ ਵਿਚੋਂ ਸਭ ਤੋਂ ਵੱਧ ਪਨਗਰੇਨ ਨੇ 48095 ਮੀਟਰਕ ਟਨ, ਮਾਰਕਫੈਡ ਨੇ 41171 , ਪਨਸਪ ਨੇ 39903, ਪੰਜਾਬ ਸਟੇਟ ਵੇਅਰ ਹਾਊਸ ਕਾਰਪੋਰੇਸ਼ਨ ਨੇ 37747, ਐਫ.ਸੀ.ਆਈ. ਨੇ 1273 ਮੀਟਰਕ ਟਨ ਕਣਕ ਦੀ ਖਰੀਦ ਕੀਤੀ ਹੈ।
ਡਿਪਟੀ ਕਮਿਸ਼ਨਰ ਵਲੋਂ ਪਿਛਲੇ ਦਿਨੀਂ ਸਮੂਹ ਐਸ.ਡੀ.ਐਮਜ਼ ਤੇ ਹੋਰ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਮੰਡੀਆਂ ਦਾ ਰੋਜ਼ਾਨਾ ਦੌਰਾ ਕਰਨ ਦੇ ਦਿੱਤੇ ਨਿਰਦੇਸ਼ਾਂ ਨਾਲ ਖਰੀਦੀ ਗਈ ਕਣਕ ਦੀ ਚੁਕਾਈ ਤੇ ਕਿਸਾਨਾਂ ਨੂੰ ਅਦਾਇਗੀ ਵਿਚ ਤੇਜੀ ਆਈ ਹੈ।
ਕਿਸਾਨਾਂ ਨੂੰ ਖਰੀਦੀ ਗਈ ਕਣਕ ਦੀ ਨਿਰਧਾਰਿਤ 48 ਘੰਟੇ ਦੇ ਅੰਦਰ-ਅੰਦਰ ਕੀਤੀ ਜਾਣ ਵਾਲੀ ਅਦਾਇਗੀ ਤੋਂ ਪਹਿਲਾਂ ਹੀ ਪੈਸੇ ਕਿਸਾਨਾਂ ਦੇ ਖਾਤਿਆਂ ਵਿਚ ਪਾਏ ਜਾ ਰਹੇ ਹਨ। ਹੁਣ ਤੱਕ 298.27 ਕਰੋੜ ਰੁਪੈ ਦੀ ਅਦਾਇਗੀ ਹੋ ਚੁੱਕੀ ਹੈ, ਜਿਸ ਤਹਿਤ ਰੋਜ਼ਾਨਾ ਕਿਸਾਨਾਂ ਨੂੰ ਲਗਭਗ 60 ਕਰੋੜ ਰੁਪੈ ਦੀ ਅਦਾਇਗੀ ਕੀਤੀ ਜਾ ਰਹੀ ਹੈ।