ਕਪੂਰਥਲਾ-ਜਲੰਧਰ ਦੇ ਆਈ.ਟੀ.ਆਈਜ਼ ਦੇ ਖੇਡ ਮੁਕਾਬਲੇ ਸਮਾਪਤ
ਕਪੂਰਥਲਾ,12 ਮਈ(ਵਿਸ਼ਵ ਵਾਰਤਾ)-ਵਧੀਕ ਡਿਪਟੀ ਕਮਿਸ਼ਰ (ਜ) ਸ੍ਰੀ ਅਜੈ ਅਰੋੜਾ ਨੇ ਅੱਜ ਤਕਨੀਕੀ ਸਿਖਿਆ ਅਤੇ ਉਦਯੋਗਿਕ ਸਿਖਲਾਈ ਵਿਭਾਗ ਵਲੋਂ ਪੰਜਾਬ ਇੰਡਸਟ੍ਰੀਅਲ ਟ੍ਰੇਨਿੰਗ ਸਪੋਰਟਸ ਅੇਸੋਸਿਏਸ਼ਨ ਦੀ ਅਗਵਾਈ ਹੇਠ ਕਰਵਾਏ ਗਏ 2 ਦਿਨਾਂ ਆਈ.ਟੀ.ਆਈਜ਼ ਖੇਡ ਮੁਕਾਬਲੇ ਦੀਆਂ ਖੇਡਾਂ ਦੇ ਸਮਾਪਤੀ ਸਮਾਰੋਹ ਦਾ ਉਦਘਟਨ ਕੀਤਾ ।
ਇਸ ਮੌਕੇ ਉਨ੍ਹਾਂ ਸਮੂਹ ਖਿਡਾਰੀਆਂ ਨੂੰ ਖੇਡਾਂ ਵਿੱਚ ਪੂਰੀ ਤਨਦੇਹੀ ਨਾਲ ਭਾਗ ਲੈਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਖੇਡਾਂ ਸਾਨੂੰ ਸਪੋਰਟਮੈਨਸ਼ਿਪ ਸਿਖਾਉਂਦੀਆਂ ਹਨ ਅਤੇ ਖੇਡਾਂ ਸਾਡੇ ਸਰੀਰ ਨੂੰ ਬਿਮਾਰੀਆਂ ਤੋਂ ਦੂਰ ਰੱਖਣ ਵਿਚ ਸਹਾਈ ਹੁੰਦੀਆਂ ਹਨ। ਉਨ੍ਹਾਂ ਦੱਸਿਆ ਕਿ ਇਹਨਾਂ ਖੇਡਾਂ ਵਿੱਚ ਜਿਲ੍ਹਾ ਜਲੰਧਰ ਅਤੇ ਕਪੂਰਥਲਾ ਦੀਆਂ ਲਗਭਗ 25 ਸਰਕਾਰੀ ਅਤੇ ਪ੍ਰਾਇਵੇਟ ਆਈ.ਟੀ.ਆਈਜ਼ ਦੇ 350 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ। ਖੇਡ ਮੇਲੇ ਦੋਰਾਨ ਲੜਕੇ ਅਤੇ ਲੜਕੀਆਂ ਦੇ ਐਥਲੈਟਿਕਸ, ਬੈਡਮਿਂਟਨ, ਵਾਲੀਬਾਲ, ਖੋ-ਖੋ, ਫੁੱਟਬਾਲ, ਬਾਸਕਟਬਾਲ, ਕਬੱਡੀ, ਟੇਬਲ ਟੈਨਿਸ ਆਦਿ ਦੇ ਮੁਕਾਬਲੇ ਕਰਵਾਏ ਗਏ। ਇਸ ਵਿੱਚ ਲੜਕੀਆਂ ਦੇ ਵਰਗ ਵਿੱਚੋਂ ਸਰਕਾਰੀ ਆਈ.ਟੀ.ਆਈ. (ਇ) ਜਲੰਧਰ ਨੇ ਪਹਿਲਾ ਸਥਾਨ ਅਤੇ ਸਰਕਾਰੀ ਆਈ.ਟੀ.ਆਈ. (ਇ) ਫਗਵਾੜਾ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
ਲੜਕੀਆਂ ਵਿਚੋਂ ਸਰਕਾਰੀ ਆਈ.ਟੀ.ਆਈ. (ਇ) ਫਗਵਾੜਾ ਦੀ ਕੁਮਾਰੀ ਅਂਜਲੀ ਨੂੰ ਸਰਵੋਤਮ ਅਥਲੀਟ ਘੋਸ਼ਿਤ ਕੀਤਾ ਗਿਆ। ਲੜਕਿਆਂ ਦੇ ਵਰਗ ਵਿੱਚੋਂ ਸਰਕਾਰੀ ਆਈ.ਟੀ.ਆਈ. ਮੇਹਰ ਚੰਦ, ਜਲੰਧਰ ਨੇ ਪਹਿਲਾ ਸਥਾਨ ਅਤੇ ਸਰਕਾਰੀ ਆਈ.ਟੀ.ਆਈ. ਤਲਵੰਡੀ ਚੌਧਰੀਆਂ ਨੇ ਦੂਜਾ ਸਥਾਨ ਪ੍ਰਾਪਤ ਕੀਤਾ।ਲੜਕਿਆ ਵਿੱਚੋਂ ਸਰਕਾਰੀ ਆਈ.ਟੀ.ਆਈ. ਮੇਹਰ ਚੰਦ, ਜਲੰਧਰ ਦੇ ਅਨੀਕੇਤ ਕੁਮਾਰ ਨੂੰ ਸਰਵੋਤਮ ਅਥਲੀਟ ਘੋਸ਼ਿਤ ਕੀਤਾ ਗਿਆ। ਇਸ ਮੇਲੇ ਵਿੱਚ ਜਿਲਾ੍ਹ ਜਲੰਧਰ ਅਤੇ ਕਪੂਰਥਲਾ ਦੀਆਂ ਸਰਕਾਰੀ ਅਤੇ ਪ੍ਰਾਇਵੇਟ ਆਈ.ਟੀ.ਆਈਜ਼ ਦੇ ਪ੍ਰਿੰਸੀਪਲਾਂ ਅਤੇ ਸਟਾਫ ਵੱਲੋਂ ਅਣਥੱਕ ਯੋਗਦਾਨ ਦਿੱਤਾ ਗਿਆ।
ਇਸ ਮੇਲੇ ਨੂੰ ਸਫਲ ਬਨਾਉਣ ਲਈ ਸਪੋਰਟਸ ਵਿਭਾਗ, ਸਿਖਿਆ ਵਿਭਾਗ, ਸਿਹਤ ਵਿਭਾਗ ਅਤੇ ਲੋਕਲ ਐਡਮਿਨਿਸਟਰੇਸ਼ਨ ਕਪੂਰਥਲਾ ਦਾ ਪੂਰਨ ਸਹਿਯੋਗ ਰਿਹਾ। ਪਿਟਸਾ ਜਲੰਧਰ ਜੋਨ ਦੀ ਚੇਅਰਪਰਸਨ ਸ਼੍ਰੀਮਤੀ ਰੁਪਿੰਦਰ ਕੌਰ ਅਤੇ ਨੋਡਲ ਅਫਸਰ ਸ਼੍ਰੀ ਸ਼ਕਤੀ ਸਿੰਘ ਨੇ ਸਿਖਿਆਰਥੀਆਂ ਅਤੇ ਸਟਾਫ ਦੀ ਸ਼ਲਾਘਾ ਕਰਦੇ ਹੋਏ ਸਭ ਦਾ ਧੰਨਵਾਦ ਕੀਤਾ ਅਤੇ ਮੇਲੇ ਦਾ ਸਮਾਪਨ ਕੀਤਾ।