ਕਪੂਰਥਲਾ ਚੋਣਾਂ ਦੇ ਮੱਦੇਨਜਰ ਬੂਸਟਰ ਡੋਜ ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ
ਚੋਣ ਡਿਊਟੀ ਤੇ ਲੱਗੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ ਨਹੀਂ ਲਾਗੂ ਹੋਏਗੀ 9 ਮਹੀਨੇ ਵਾਲੀ ਸ਼ਰਤ
ਕਪੂਰਥਲਾ, 16 ਜਨਵਰੀ (ਵਿਸ਼ਵ ਵਾਰਤਾ):-ਚੋਣਾਂ ਦੇ ਮੱਦੇਨਜਰ ਸਰਕਾਰ ਵੱਲੋਂ ਕੋਵਿਡ ਵੈਕਸੀਨੇਸ਼ਨ ਦੀ ਬੂਸਟਰ ਡੋਜ ਨੂੰ ਲੈ ਕੇ ਨਵੀਆਂ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਕਮ ਜਿਲਾ ਚੋਣ ਅਫਸਰ ਕਪੂਰਥਲਾ ਸ੍ਰੀਮਤੀ ਦੀਪਤੀ ਉਪਲ ਨੇ ਦੱਸਿਆ ਕਿ ਇਨ੍ਹਾਂ ਨਵੀਆਂ ਗਾਈਡਲਾਈਨਾਂ ਦੇ ਅਨੁਸਾਰ ਵੋਟਾਂ ਵਿਚ ਜਿਨ੍ਹਾਂ ਵੀ ਅਧਿਕਾਰੀਆਂ, ਕਰਮਚਾਰੀਆਂ ਦੀ ਡਿਊਟੀ ਲੱਗੀ ਹੈ ਉਨ੍ਹਾਂ ਨੂੰ ਬੂਸਟਰ ਡੋਜ ਲਗਵਾਉਣਾ ਲਾਜਮੀ ਹੈ ਚਾਹੇ ਵੈਕਸੀਨੇਸ਼ਨ ਦੀ ਦੂਸਰੀ ਡੋਜ ਲੱਗੇ ਨੂੰ ਅਜੇ 9 ਮਹੀਨੇ ਨਹੀਂ ਹੋਏ ਹਨ। ਉਨ੍ਹਾਂ ਨੇ ਦੱਸਿਆ ਕਿ ਕੋਵਿਡ ਦੇ ਮੱਦੇਨਜਰ ਇਹ ਗਾਈਡਲਾਈਨਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਵੋਟਾਂ ਵਿਚ ਡਿਊਟੀ ਲੱਗਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਤੇ 9 ਮਹੀਨੇ ਵਾਲੀ ਸ਼ਰਤ ਲਾਗੂ ਨਹੀਂ ਹੋਏਗੀ।
ਸਿਵਲ ਸਰਜਨ ਕਪੂਰਥਲਾ ਡਾ. ਗੁਰਿੰਦਰ ਬੀਰ ਕੌਰ ਨੇ ਵੀ ਡਿਊਟੀ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਇਨ੍ਹਾਂ ਨਿਰਦੇਸ਼ਾਂ ਦੀ ਇੰਨ ਬਿੰਨ ਪਾਲਣਾ ਕਰਨ ਦੀ ਅਪੀਲ ਕੀਤੀ ਹੈ। ਨਾਲ ਹੀ ਉਨ੍ਹਾਂ ਡਿਊਟੀ ਦੌਰਾਨ ਕੋਵਿਡ ਐਪ੍ਰੋਪਰੀਏਟ ਬਿਹੇਵੀਅਰ (ਮਾਸਕ ਪਾ ਕੇ ਰੱਖਣ, ਸੈਨੀਟਾਈਜਰ ਦਾ ਪ੍ਰਯੋਗ ਕਰਨ, ਸਾਮਾਜਿਕ ਦੂਰੀ ਦੀ ਪਾਲਣਾ ਕਰਨ) ਅਪਣਾਉਣ ਲਈ ਕਿਹਾ ਹੈ। ਸਿਵਲ ਸਰਜਨ ਨੇ ਇਹ ਵੀ ਦੱਸਿਆ ਕਿ ਇਹ ਪ੍ਰੀਕਾਸ਼ਨਰੀ ਡੋਜ ਲਗਵਾਉਣਾ ਜਰੂਰੀ ਹੈ ਤੇ ਕੋਵਿਡ ਮਹਾਂਮਾਰੀ ਤੋਂ ਬਚਾਅ ਦੇ ਮੱਦੇਨਜਰ ਇਹ ਨਿਰਦੇਸ਼ ਜਾਰੀ ਕੀਤੇ ਗਏ ਹਨ।