ਕਣਕ ਦੀ ਸੁੁਚਾਰੂ ਖਰੀਦ ਲਈ ਵਿਧਾਇਕਾਂ ਅਤੇ ਡਿਪਟੀ ਕਮਿਸ਼ਨਰ ਵੱਲੋਂ ਸਮੀਖਿਆ ਬੈਠਕ
8.40 ਲੱਖ ਟਨ ਕਣਕ ਦੀ ਹੋਵੇਗੀ ਜ਼ਿਲੇ ਵਿਚ ਖਰੀਦ
ਫਾਜ਼ਿਲਕਾ, 6 ਅਪ੍ਰੈਲ ( ਵਿਸ਼ਵ ਵਾਰਤਾ ) ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਕਣਕ ਦੀ ਸੁਚਾਰੂ ਖਰੀਦ ਲਈ ਸਾਰੇ ਇੰਤਜਾਮ ਕੀਤੇ ਜਾ ਰਹੇ ਹਨ। ਇਸੇ ਲੜੀ ਵਿਚ ਕਣਕ ਖਰੀਦ ਪ੍ਰਬੰਧਾਂ ਦੀ ਸਮੀਖਿਆ ਲਈ ਇਕ ਬੈਠਕ ਹੋਈ ਜਿਸ ਵਿਚ ਬੱਲੂਆਣਾ ਦੇ ਵਿਧਾਇਕ ਸ੍ਰੀ ਨੱਥੂ ਰਾਮ, ਫਾਜ਼ਿਲਕਾ ਦੇ ਵਿਧਾਇਕ ਸ੍ਰੀ ਦਵਿੰਦਰ ਸਿੰਘ ਘੁਬਾਇਆ ਅਤੇ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਸਿੰਘ ਆਮਲਾ ਅਤੇ ਫਾਜ਼ਿਲਕਾ ਦੇ ਡਿਪਟੀ ਕਮਿਸ਼ਨਰ ਸ: ਅਰਵਿੰਦ ਪਾਲ ਸਿੰਘ ਸੰਧੂ ਅਤੇ ਸ੍ਰੀ ਸੰਦੀਪ ਜਾਖੜ ਨੇ ਖਰੀਦ ਏਂਜਸੀਆਂ ਅਤੇ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਇਸ ਸਾਲ 8 ਲੱਖ 40 ਹਜਾਰ ਮੀਟਿ੍ਰਕ ਟਨ ਕਣਕ ਦੀ ਖਰੀਦ ਕਰਨ ਦਾ ਟੀਚਾ ਹੈ। ਉਨਾਂ ਨੇ ਕਿਹਾ ਕਿ ਜ਼ਿਲੇ ਵਿਚ 96 ਖਰੀਦ ਕੇਂਦਰ ਪਹਿਲਾਂ ਹੀ ਸਥਾਪਿਤ ਹਨ ਜਦ ਕਿ ਕੋਵਿਡ ਦੇ ਮੱਦੇਨਜਰ ਹੋਰ ਵਿਵਸਥਾ ਕਰਨਾ ਹਿੱਤ 11 ਹੋਰ ਥਾਂਵਾਂ ਨੂੰ ਵੀ ਚਿੰਨਹਤ ਕੀਤਾ ਹੋਇਆ ਹੈ। ਉਨਾਂ ਨੇ ਏਂਜਸੀਆਂ ਨੂੰ ਪਾਬੰਦ ਕੀਤਾ ਕਿ ਉਹ 10 ਅਪ੍ਰੈਲ ਤੱਕ ਸਾਰੇ ਰਹਿੰਦੇ ਇੰਤਜਾਮ ਪੂਰੇ ਕਰਦੇ ਹੋਏ ਹਰੇਕ ਖਰੀਦ ਕੇਂਦਰ ਤੱਕ ਬਾਰਦਾਨੇ ਦੀ ਪਹੁੰਚ ਯਕੀਨੀ ਬਣਾ ਦੇਣ। ਉਨਾਂ ਨੇ ਕਿਹਾ ਕਿ ਹਰੇਕ ਸਬ ਡਵੀਜ਼ਨ ਵਿਚ ਐਸ.ਡੀ.ਐਮ. ਸਹਿਬਾਨ ਆਪਣੇ ਪੱਧਰ ਤੇ ਰੋਜਾਨਾ ਅਧਾਰ ਤੇ ਮੰਡੀਆਂ ਦੀ ਨਿਗਰਾਨੀ ਕਰਣਗੇ।
ਡਿਪਟੀ ਕਮਿਸ਼ਨਰ ਨੇ ਮਾਰਕਿਟ ਕਮੇਟੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿਚ ਸਫਾਈ, ਰੌਸ਼ਨੀ, ਛਾਂਅ, ਪੀਣ ਦੇ ਪਾਣੀ ਦੇ ਇੰਤਜਾਮ ਦੇ ਨਾਲ ਨਾਲ ਆੜਤੀਆਂ ਨੂੰ ਕਿਹਾ ਜਾਵੇ ਕਿ ਉਹ ਲੋੜ ਅਨੁਸਾਰ ਤਰਪਾਲਾਂ, ਕੰਡਿਆਂ ਅਤੇ ਕਣਕ ਦੀ ਸਫਾਈ ਵਾਲੀਆਂ ਮਸ਼ੀਨਾਂ ਦਾ ਪ੍ਰਬੰਧ ਕਰਨ। ਉਨਾਂ ਨੇ ਕਿਹਾ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਮੰਡੀ ਵਿਚ ਆਉਣ ਵਾਲੇ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ।
ਇਸ ਮੌਕੇ ਐਸ.ਡੀ.ਐਮ. ਸ੍ਰੀ ਕੇਸਵ ਗੋਇਲ, ਸ੍ਰੀ ਸੂਬਾ ਸਿੰਘ, ਸਹਾਇਕ ਕਮਿਸ਼ਨਰ ਜਨਰਲ ਕੰਵਰਜੀਤ ਸਿੰਘ, ਡੀਐਫਐਸਸੀ ਸ੍ਰੀ ਗੁਰਪ੍ਰੀਤ ਸਿੰਘ ਕੰਗ, ਉਪ ਜ਼ਿਲਾ ਮੰਡੀ ਅਫ਼ਸਰ ਸ੍ਰੀ ਸੁਲੋਧ ਬਿਸ਼ਨੋਈ, ਮਾਰਕਿਟ ਕਮੇਟੀ ਫਾਜ਼ਿਲਕਾ ਦੇ ਚੇਅਰਮੈਨ ਸ੍ਰੀ ਪ੍ਰੇਮ ਕੁਲਾਰੀਆ ਵੀ ਹਾਜਰ ਸਨ।