ਆਪਣੀ ਮੌਤ ਦੇ ਦਿਖਾਏ ਲਈ ਔਰਤ ਨੇ ਦਿੱਤਾ ਖਤਰਨਾਕ ਵਾਰਦਾਤ ਨੂੰ ਅੰਜਾਮ
ਇੰਸਟਾਗ੍ਰਾਮ ‘ਤੇ ਆਪਣੀ ਹਮਸ਼ਕਲ ਲੜਕੀ ਨੂੰ ਲੱਭ ਕੇ ਉਤਾਰਿਆ ਮੌਤ ਦੇ ਘਾਟ
ਚੰਡੀਗੜ੍ਹ 1 ਫਰਵਰੀ(ਵਿਸ਼ਵ ਵਾਰਤਾ ਬਿਊਰੋ)- ਜਰਮਨੀ ਵਿੱਚ ਕਤਲ ਦੀ ਇੱਕ ਬੇਹੱਦ ਅਨੋਖੀ ਘਟਨਾ ਸਾਹਮਣੇ ਆਈ ਹੈ। ਜਿੱਥ ਇਕ 23 ਸਾਲਾ ਔਰਤ ‘ਤੇ ਸੋਸ਼ਲ ਮੀਡੀਆ ‘ਤੇ ਆਪਣੀ ਹਮਸ਼ਕਲ ਨੂੰ ਲੱਭ ਕੇ ਮਾਰ ਕੇ ਆਪਣੀ ਮੌਤ ਦਾ ਦਿਖਾਵਾ ਕਰਨ ਦਾ ਦੋਸ਼ ਹੈ। ਇਸ ਮਾਮਲੇ ਨੂੰ ਜਰਮਨ ਪੁਲਿਸ ਨੇ ‘ਦ ਡੋਪਲਗੈਂਗਰ ਮਰਡਰ’ ਦਾ ਨਾਮ ਦਿੱਤਾ ਹੈ। ਦੱਸ ਦਈਏ ਕਿ ਅੰਗਰੇਜ਼ੀ ਸ਼ਬਦ ਡੋਪਲਗੈਂਗਰ ਦਾ ਪੰਜਾਬੀ ਵਿੱਚ ਮਤਲਬ ਹਮਸ਼ਕਲ ਹੁੰਦਾ ਹੈ ਇਹ ਮਾਮਲਾ ਪਿਛਲੇ ਸਾਲ ਅਗਸਤ ਦਾ ਹੈ, ਜੋ ਹੁਣ ਸਾਹਮਣੇ ਆਇਆ ਹੈ। ਪੁਲਸ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ ਮਿਊਨਿਖ ‘ਚ ਰਹਿਣ ਵਾਲੀ ਸ਼ਾਹਰਾਬਾਨ ਕੇ. ਨਾਮ ਦੀ ਔਰਤ ਨੇ ਇੰਸਟਾਗ੍ਰਾਮ ‘ਤੇ ਇੱਕ ਫਰਜ਼ੀ ਪ੍ਰੋਫਾਈਲ ਬਣਾਈ ਅਤੇ ਉਸ ਵਰਗੀ ਦਿਖਣ ਵਾਲੀਆਂ ਕਈ ਔਰਤਾਂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ। ਕਈ ਪ੍ਰੋਫਾਈਲਾਂ ਦੀ ਖੋਜ ਕਰਨ ਤੋਂ ਬਾਅਦ, ਉਸਨੂੰ ਇੱਕ ਕਾਸਮੈਟਿਕ ਬਲੌਗਰ ਦੀ ਪ੍ਰੋਫਾਈਲ ਮਿਲੀ। ਖਾਦੀਜਾ ਨਾਂ ਦਾ ਇਹ ਬਲਾਗਰ ਅਲਜੀਰੀਆ ਦਾ ਨਾਗਰਿਕ ਸੀ ਅਤੇ ਦੋਸ਼ੀ ਔਰਤ ਦੇ ਘਰ ਤੋਂ ਕਰੀਬ 160 ਕਿਲੋਮੀਟਰ ਦੂਰ ਰਹਿੰਦੀ ਸੀ। ਦੋਹਾਂ ਦੇ ਲੰਬੇ ਕਾਲੇ ਵਾਲ ਸਨ ਅਤੇ ਰੰਗ ਲਗਭਗ ਇੱਕੋ ਜਿਹਾ ਸੀ। ਸ਼ਾਹਰਾਬਾਨ ਅਤੇ ਉਸਦੇ ਬੁਆਏਫ੍ਰੈਂਡ ਸ਼ਾਕਿਰ ਨੇ ਖਾਦੀਜਾ ਨਾਲ ਸੰਪਰਕ ਕੀਤਾ ਅਤੇ ਉਸ ਨੂੰ ਕੁਝ ਸੁੰਦਰਤਾ ਉਤਪਾਦ ਪੇਸ਼ ਕੀਤੇ। ਇਸ ਤੋਂ ਬਾਅਦ ਦੋਵੇਂ ਉਸ ਨੂੰ ਲੈਣ ਆਏ। ਪੁਲਿਸ ਨੇ ਦੱਸਿਆ ਕਿ ਖਾਦੀਜਾ ਦੇ ਨਾਲ ਮਿਊਨਿਖ ਪਰਤਦੇ ਸਮੇਂ ਦੋਨਾਂ ਨੇ ਇੱਕ ਜੰਗਲ ਵਿੱਚ ਪਹੁੰਚ ਕੇ ਖਾਦੀਜਾ ਨੂੰ ਕਤਲ ਕਰ ਦਿੱਤਾ। ਸ਼ਾਹਰਾਬਾਨ ਨੇ ਆਪਣੇ ਪਤੀ ਨੂੰ ਕਿਹਾ ਸੀ ਕਿ ਉਹ ਆਪਣੇ ਸਾਬਕਾ ਪਤੀ ਨੂੰ ਮਿਲਣ ਜਾ ਰਹੀ ਹੈ। ਕਾਫੀ ਦੇਰ ਤੱਕ ਜਦੋਂ ਉਹ ਵਾਪਸ ਨਹੀਂ ਪਰਤੀ ਤਾਂ ਉਸ ਦੇ ਮਾਤਾ-ਪਿਤਾ ਉਸ ਨੂੰ ਲੱਭਣ ਲਈ ਨਿਕਲੇ। ਡੈਨਿਊਬ ਨਦੀ ਦੇ ਕੰਢੇ ਉਨ੍ਹਾਂ ਨੂੰ ਸ਼ਾਹਰਾਬਨ ਦੀ ਕਾਰ ਮਿਲੀ, ਜਿਸ ਦੀ ਪਿਛਲੀ ਸੀਟ ‘ਤੇ ਕਾਲੇ ਵਾਲਾਂ ਵਾਲੀ ਔਰਤ ਦੀ ਲਾਸ਼ ਪਈ ਸੀ। ਉਨ੍ਹਾਂ ਨੇ ਸੋਚਿਆ ਕਿ ਇਹ ਉਨ੍ਹਾਂ ਦੀ ਬੇਟੀ ਦੀ ਲਾਸ਼ ਹੈ। ਪੋਸਟਮਾਰਟਮ ਅਤੇ ਡੀਐਨਏ ਟੈਸਟ ਦੀਆਂ ਰਿਪੋਰਟਾਂ ਤੋਂ ਪਤਾ ਲੱਗਾ ਲਾਸ਼ ਸ਼ਾਹਰਾਬਾਨ ਦੀ ਨਹੀਂ ਬਲਕਿ ਖਦੀਜਾ ਦੀ ਸੀ। ਪੁਲਸ ਨੇ ਜਾਂਚ ਤੋਂ ਬਾਅਦ ਸ਼ਾਹਰਾਬਾਨ ਅਤੇ ਸ਼ਾਕਿਰ ਨੂੰ ਗ੍ਰਿਫਤਾਰ ਕਰ ਲਿਆ। ਪੁਲਸ ਦਾ ਕਹਿਣਾ ਹੈ ਕਿ ਦੋਸ਼ੀ ਔਰਤ ਪਰਿਵਾਰਕ ਕਲੇਸ਼ ਕਾਰਨ ਗਾਇਬ ਹੋਣਾ ਚਾਹੁੰਦੀ ਸੀ, ਇਸ ਲਈ ਉਸ ਨੇ ਆਪਣੀ ਮੌਤ ਦਾ ਨਾਟਕ ਰਚਿਆ ਅਤੇ ਇਸ ਖਤਰਨਾਕ ਘਟਨਾ ਨੂੰ ਅੰਜਾਮ ਦਿੱਤਾ।