ਅਮਰਦੀਪ ਸਿੰਘ ਚੀਮਾ ਨੇ ਕੀਤੀ ਕਰਨਾਲ ਐਸਡੀਐਮ ਨੂੰ ਬਰਖ਼ਾਸਤ ਦੀ ਹਰਿਆਣਾ ਸਰਕਾਰ ਕੋਲੋਂ ਮੰਗ
ਚੰਡੀਗੜ੍ਹ,30 ਅਗਸਤ 2021(ਵਿਸ਼ਵ ਵਾਰਤਾ) ਉਘੇ ਅਗਾਂਹ ਵਧੂ ਕਿਸਾਨ ਆਗੂ ਤੇ ਨਹਿਰੂ ਯੁਵਾ ਕੇਂਦਰ ਸੰਗਠਨ ਦੇ ਕੌਮੀ ਵਾਈਸ ਚੇਅਰਮੈਨ ਰਹੇ ਅਮਰਦੀਪ ਸਿੰਘ ਚੀਮਾ ਨੇ ਬੀਤੇ ਕੱਲ ਕਰਨਾਲ ਟੋਲ ਪਲਾਜ਼ਾ ਤੇ ਸ਼ਾਂਤੀ ਪੂਰਨ ਧਰਨਾ ਦੇ ਕੇ ਵਿਰੋਧ ਦਰਜ਼ ਕਰਵਾ ਰਹੇ ਨਿਹੱਥੇ ਕਿਸਾਨਾਂ ਤੇ ਕੀਤੇ ਗਏ ਅਣ ਮਨੁੱਖੀ ਤਸ਼ੱਦਦ ਤੇ ਆਪਣਾ ਸਖ਼ਤ ਰੋਸ ਜਾਰੀ ਕਰਦੇ ਹੋਏ ਤੁਰੰਤ ਪਰਭਾਵ ਨਾਲ ਐੱਸ ਡੀ.ਐੱਮ. ਕਰਨਾਲ ਆਯੂਸ਼ ਸਿਨਹਾ ਨੂੰ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੇਂਦਰ ਸਰਕਾਰ ਤੇ ਹਰਿਆਣਾ ਸਰਕਾਰ ਕੋਲ ਕੀਤੀ ਹੈ ਕਿਉਂ ਜੋ ਧਰਨੇ ਤੋਂ ਪਹਿਲਾਂ ਹੀ ਇੱਕ ਗਿਣੀ ਮਿਥੀ ਯੋਜ਼ਨਾਂ ਹੇਠ ਜਿਸ ਤਰ੍ਹਾਂ 2018 ਬੈਚ ਦੇ ਅਫ਼ਸਰ ਪੁਲਿਸ ਮੁਲਾਜ਼ਮਾਂ ਨੂੰ ਸਖ਼ਤ ਨਿਰਦੇਸ਼ ਦਿੰਦੇ ਮੀਡੀਆ ਵਿਚ ਇਹ ਕਹਿੰਦੇ ਨਜ਼ਰ ਆ ਰਹੇ ਹਨ ਕੇ ਇਸ ਨਾਕੇ ਤੋਂ ਲੰਘਣ ਵਾਲੇ ਹਰ ਕਿਸੇ ਦਾ ਸਿਰ ਫਾੜ ਦਿਓ ਇੱਕ ਘਿਨੌਣੀ ਮਾਨਸਿਕਤਾ ਦਾ ਅਸਰ ਲੱਗ ਰਿਹਾ ਹੈ .
ਸਰਦਾਰ ਚੀਮਾ ਨੇ ਅੱਗੇ ਆਖਿਆ ਕੇ ਅਜਿਹੇ ਅਫ਼ਸਰ ਮਾਣਮੱਤੀ ਆਈ.ਏ.ਐੱਸ. ਐਸੋਸੀਏਸ਼ਨ ਦੇ ਨਾਮ ਤੇ ਧੱਬਾ ਲਾ ਰਹੇ ਹਨ ਤੇ ਐਸੋਸੀਏਸ਼ਨ ਦੀ ਚੁੱਪ ਕਿਸੇ ਹੋਰ ਅਣਸੁਖਾਵੀਂ ਘਟਨਾ ਨੂੰ ਅੰਜਾਮ ਦੇਣ ਵੱਲ ਇਸ਼ਾਰਾ ਕਰ ਰਹੀ ਹੈ , ਇਹ ਕਿਹੜੀ ਨਵੀਂ ਵਿਵਸਥਾ ਆਈ.ਏ.ਐੱਸ. ਟ੍ਰੇਨਿੰਗ ਵਿਚ ਆ ਗਈ ਹੈ ਜੋ ਅਜਿਹੀ ਪਨੀਰੀ ਲੋਕ ਤੰਤਰਿਕ ਦੇਸ਼ ਵਿਚ ਉਹਨਾਂ ਲੋਕਾਂ ਤੇ ਰਾਜ ਕਰਨ ਲਈ ਭੇਜ ਰਹੀ ਹੈ ਜਿਥੇ ਇਤਿਹਾਸ ਵਿਚ ਬੜੇ ਕਾਬਿਲ ਅਫ਼ਸਰ ਦੇਸ਼ ਨੂੰ ਤੱਰੱਕੀ ਦੀਆਂ ਲੀਹਾਂ ਤੇ ਤੋਰਨ ਲਈ ਇਸੇ ਸੰਸਥਾ ਵਿਚੋਂ ਆਏ ਸਨ
ਸਰਦਾਰ ਚੀਮਾ ਨੇ ਬੜੀ ਦ੍ਰਿੜਤਾ ਨਾਲ ਆਖਿਆ ਕੇ ਬਤੌਰ ਚੇਅਰਮੈਨ ਮਾਰਕੀਟ ਕਮੇਟੀ ਤੇ ਮੈਂਬਰ ਜੀ.ਬੀ. ਇੰਡੀਅਨ ਕੌਂਸਲ ਆਫ ਐਗਰੀਕਲਚਰਲ ਰਿਸਰਚ ਉਹ ਭਲੀ ਭਾਂਤ ਜਾਣਦੇ ਸਨ ਕੇ ਸਰਕਾਰੀ ਮੰਡੀਆਂ (ਏ.ਪੀ.ਐੱਮ.ਸੀ. ) ਦੀ 68% ਤੋਂ ਵੱਧ ਪੇਂਡੂ ਇਲਾਕੇ ਵਾਲੇ ਦੇਸ਼ ਵਿਚ ਕਿੰਨੀ ਜ਼ਰੂਰਤ ਹੈ ਤੇ ਮੋਦੀ ਸਰਕਾਰ ਵੱਲੋਂ ਜੋ ਅਖੌਤੀ ਕਿਸਾਨ ਹਿਤੇਸ਼ੀ 3 ਖੇਤੀਬਾੜੀ ਬਿੱਲ ਧੱਕੇ ਨਾਲ ਪਾਸ ਕਰਵਾਏ ਹਨ ਉਹਨਾਂ ਵਿੱਚ ਐੱਸ.ਡੀ.ਐੱਮ. ਹੀ ਕਿਸਾਨ ਤੇ ਵਪਾਰੀ ਦੇ ਝਗੜੇ ਦੌਰਾਨ ਫ਼ੈਸਲਾ ਕਰਨ ਵਾਲਾ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਤੇ ਜੇ ਐੱਸ.ਡੀ.ਐੱਮ. ਕਰਨਾਲ ਵਰਗੇ ਅਫ਼ਸਰਾਂ ਨੇ ਪ੍ਰੋਬੇਸ਼ਨ ਪੀਰੀਅਡ ਦੇ ਦੌਰਾਨ ਹੀ ਅਜਿਹੀਆਂ ਵਧੀਕੀਆਂ ਤੇ ਦਰਿੰਦਗੀ ਕਰਨੀ ਹੈ ਤੇ ਵੱਡੇ ਘਰਾਨਿਆਂ ਦੇ ਮੋਢੇ ਚੜ ਕੇ ਭਾਜਪਾ ਸਰਕਾਰ ਵੱਲੋਂ ਪੇਸ਼ ਕੀਤੇ ਬਿੱਲਾਂ ਦੀ ਹਕੀਕਤ ਲੋਕਾਂ ਸਾਹਮਣੇ ਆ ਗਈ ਹੈ .