ਐਸ.ਸੀ ਭਾਈਚਾਰੇ ’ਤੇ ਗਲਤ ਟਿੱਪਣੀਆਂ ਕਰਨ ਵਾਲਿਆਂ ਤੇ ਹੋਵੇਗੀ ਸਖਤ ਕਾਰਵਾਈ -ਸੀਨੀਅਰ ਵਾਇਸ ਚੇਅਰਮੈਨ ਐਸ.ਸੀ ਕਮਿਸ਼ਨ
ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ 2 ਕੇਸਾਂ ਦੀ ਕੀਤੀ ਸੁਣਵਾਈ
ਪੁਲਿਸ ਅਧਿਕਾਰੀਆਂ ਅਤੇ ਜਨਰਲ ਮੈਨੇਜਰ ਮੰਡੀ ਬੋਰਡ ਨੂੰ 15 ਅਪ੍ਰੈਲ ਤੱਕ ਰਿਪੋਰਟ ਪੇਸ਼ ਕਰਨ ਦੀਆਂ ਦਿੱਤੀਆਂ ਹਦਾਇਤਾਂ
ਅੰਮ੍ਰਿਤਸਰ, 7 ਅਪ੍ਰੈਲ(ਵਿਸ਼ਵ ਵਾਰਤਾ) ਐਸ.ਸੀ ਭਾਈਚਾਰੇ ’ਤੇ ਹੁੰਦੇ ਕਿਸੇ ਵੀ ਅਤਿਆਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਐਸ.ਸੀ ਭਾਈਚਾਰੇ ’ਤੇ ਕੀਤੀਆਂ ਜਾਂਦੀਆਂ ਟਿੱਪਣੀਆਂ ਅਤੇ ਅਤਿਆਚਾਰ ਨੂੰ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਸਖਤ ਕਾਰਵਾਈ ਕਰੇਗਾ। ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰੀ ਦੀਪਕ ਕੁਮਾਰ ਸੀਨੀਅਰ ਵਾਇਸ ਚੇਅਰਮੈਨ ਅਤੇ ਸ੍ਰੀ ਰਾਜ ਕੁਮਾਰ ਹੰਸ ਮੈਂਬਰ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਵੱਖ ਵੱਖ ਸ਼ਿਕਾਇਤਾਂ ਦੀ ਪੜਤਾਲ ਕਰਨ ਸਮੇਂ ਕੀਤਾ।
ਸ੍ਰੀ ਦੀਪਕ ਕੁਮਾਰ ਨੇ ਦੱਸਿਆ ਕਿ ਪੰਜਾਬ ਅਨੁਸੂਚਿਤ ਜਾਤੀ ਕਮਿਸ਼ਨ ਨੂੰ ਵੱਖ ਵੱਖ 2 ਦਰਖਾਸਤਾਂ ਪ੍ਰਾਪਤ ਹੋਈਆਂ ਸਨ ਜਿੰਨਾਂ ਵਿਚੋਂ ਇਕ ਸ਼ਿਕਾਇਤ ਜੈਮਲ ਸਿੰਘ ਪੁੱਤਰ ਸ੍ਰੀ ਦਲਬੀਰ ਸਿੰਘ ਵਾਸੀ ਪਿੰਡ ਰਡਾਲਾ, ਤਹਿਸੀਲ ਅਜਨਾਲਾ ਵੱਲੋਂ ਪ੍ਰਾਪਤ ਹੋਈ ਸੀ ਕਿ ਉਸ ਨਾਲ ਮਾਰਕੁੱਟ ਕੀਤੀ ਗਈ ਹੈ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇ ਗਏ ਹਨ ਪ੍ਰੰਤੂ ਪੁਲਿਸ ਵੱਲੋਂ ਐਫ.ਆਈ.ਆਰ ਤਾਂ ਦਰਜ ਕੀਤੀ ਗਈ ਹੈ ਪਰ ਸ਼ਡਿਊਲਕਾਸਟ ਐਂਡ ਸ਼ਡਿਊਲਟਰਾਈਬ ਪ੍ਰੀਵੈਨਸ਼ਨ ਆਫ ਐੈਟਰੋਸਿਟੀ ਐਕਟ 1989 ਅਧੀਨ ਪਰਚਾ ਦਰਜ ਨਹੀਂ ਕੀਤਾ ਗਿਆ ਜਿਸ ਤੇ ਕਮਿਸ਼ਨ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਜੁਰਮ ਦੀ ਧਾਰਾ ਵਿੱਚ ਵਾਧਾ ਕੀਤਾ ਜਾਵੇ ਅਤੇ ਸਬੰਧਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ 15 ਅਪ੍ਰੈਲ ਤੱਕ ਕਮਿਸ਼ਨ ਸਾਹਮਣੇ ਪੇਸ਼ ਹੋ ਕੇ ਆਪਣੀ ਰਿਪੋਰਟ ਪੇਸ਼ ਕੀਤੀ ਜਾਵੇ।
ਇਕ ਹੋਰ ਸ਼ਿਕਾਇਤ ਜੋ ਕਿ ਮੰਗਲਜੀਤ ਸਿੰਘ ਵਾਸੀ ਈਸਟ ਗੋਬਿੰਦ ਨਗਰ ਸੁਲਤਾਨ ਵਿੰਡ ਰੋਡ ਵੱਲੋਂ ਪੰਜਾਬ ਮੰਡੀ ਬੋਰਡ ਅਤੇ ਸੈਕਟਰੀ ਮਾਰਕੀਟ ਕਮੇਟੀ ਵਿਰੁੱਧ ਕੀਤੀ ਗਈ ਸੀ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੇਰੇ ਟੈਂਡਰ ਨੂੰ ਮੰਡੀ ਬੋਰਡ ਵੱਲੋਂ ਸਵੀਕਾਰ ਕਰਨ ਦੇ ਬਾਵਜੂਦ ਮੈਨੂੰ ਸਾਰਿਆਂ ਦੇ ਸਾਹਮਣੇ ਸ਼ਡਿਊਲ ਕਾਸਟ ਹੋਣ ਕਰਕੇ ਜਾਤੀ ਵਿਤਕਰਾ ਕਰਦੇ ਹੋਏ ਮੈਨੂੰ ਜਲੀਲ ਕੀਤਾ ਅਤੇ ਮੇਰੇ ਟੈਂਡਰ ਨੂੰ ਕੈਂਸਲ ਕਰ ਦਿੱਤਾ ਜਿਸ ਤੇ ਕਾਰਵਾਈ ਕਰਦੇ ਹੋਏ ਸੀਨੀਅਰ ਵਾਈਸ ਚੇਅਰਮੈਨ ਸ੍ਰੀ ਦੀਪਕ ਕੁਮਾਰ ਨੇ ਜਨਰਲ ਮੈਨੇਜਰ ਪੰਜਾਬ ਮੰਡੀ ਬੋਰਡ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਉਹ ਇਸ ਸਬੰਧੀ 3 ਮੈਂਬਰੀ ਕਮੇਟੀ ਦਾ ਗਠਨ ਕਰਕੇ 15 ਅਪ੍ਰੈਲ ਤੱਕ ਤੱਥਾਂ ਦੇ ਅਧਾਰ ਤੇ ਆਪਣੀ ਰਿਪੋਰਟ ਕਮਿਸ਼ਨ ਨੂੰ ਪੇਸ਼ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਹਰੇਕ ਜਿਲੇ੍ਹ ਦਾ ਦੌਰਾ ਕਰਕੇ ਇਸ ਵਰਗ ਪ੍ਰਤੀ ਹੋ ਰਹੇ ਅਤਿਆਚਾਰ ਸਬੰਧੀ ਖੁਦ ਕਾਰਵਾਈ ਕਰਦਾ ਹੈ ਅਤੇ ਦੋਸ਼ੀਆਂ ਵਿਰੁੱਧ ਸਖਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਂਦੀ ਹੈ।
ਇਸ ਮੌਕੇ ਰਿਜਨਲ ਟਰਾਂਸਪੋਰਟ ਅਥਾਰਟੀ ਸ੍ਰ ਅਰਸ਼ਦੀਪ ਸਿੰਘ, ਐਸ.ਪੀ.ਅਮਨਦੀਪ ਕੌਰ, ਡੀ.ਐਸ.ਪੀ ਅਜਨਾਲਾ ਸ੍ਰ ਜਸਵੀਰ ਸਿੰਘ, ਜਿਲ੍ਹਾ ਮੰਡੀ ਅਫਸਰ ਸ੍ਰ ਅਮਨਦੀਪ ਸਿੰਘ, ਜਨਰਲ ਮੈਨੇਜਰ ਰਾਜ ਕੁਮਾਰ ਅਤੇ ਹਰਮਹਿੰਦਰ ਸਿੰਘ, ਜਿਲ੍ਹਾ ਭਲਾਈ ਅਫਸਰ ਸ੍ਰੀ ਸੰਜੀਵ ਮੰਨਣ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਵੀ ਹਾਜਰ ਸਨ।