ਐਸ.ਡੀ.ਐਮ. ਬਲਾਚੌਰ ਨੇ ਸੇਫ ਸਕੂਲ ਵਾਹਨ ਪਾਲਿਸੀ ਸਬੰਧੀ ਸਕੂਲ ਪ੍ਰਿੰਸੀਪਲਾਂ ਨਾਲ ਕੀਤੀ ਮੀਟਿੰਗ
ਬਲਾਚੌਰ, 22 ਅਪ੍ਰੈਲ 2024 (ਵਿਸ਼ਵ ਵਾਰਤਾ):- ਬਲਾਕ ਬਲਾਚੌਰ ਵਿਖੇ ਉਪ ਮੰਡਲ ਮੈਜੀਸਟਰੇਟ ਰਵਿੰਦਰ ਕੁਮਾਰ ਬੰਸਲ (ਪੀਸੀਐਸ) ਦੀ ਪ੍ਰਧਾਨਗੀ ਹੇਠ ਪ੍ਰਾਈਵੇਟ ਸਕੂਲਾਂ ਦੇ ਮੁਖੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਉਹਨਾਂ ਵੱਲੋਂ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਹਦਾਇਤ ਕੀਤੀ ਗਈ ਕਿ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈ ਕੇ ਦਿੱਤੀਆਂ ਗਈਆਂ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਕਿਸੇ ਵੀ ਤਰ੍ਹਾਂ ਦੀ ਅਨਸੁਖਾਵੀ ਘਟਨਾ ਨਾ ਵਾਪਰੇ। ਮੀਟਿੰਗ ਦੌਰਾਨ ਹਾਜ਼ਰ ਜਿਲਾ ਬਾਲ ਸੁਰੱਖਿਆ ਅਫਸਰ ਕੰਚਨ ਅਰੋੜਾ ਵੱਲੋਂ ਇਸ ਬਾਰੇ ਜਾਣਕਾਰੀ ਦਿੰਦੇ ਦੱਸਿਆ ਗਿਆ ਕਿ ਮਾਨਯੋਗ ਹਾਈ ਕੋਰਟ ਦੀ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਪੋਲਿਸੀ ਨੂੰ ਲਾਗੂ ਕਰਨ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਨਾ ਵਰਤੀ ਜਾਏ। ਉਹਨਾਂ ਵੱਲੋਂ ਸੇਫ ਸਕੂਲ ਵਾਹਨ ਪਾਲਿਸੀ ਤਹਿਤ ਸਕੂਲੀ ਬੱਸਾਂ ਲਈ ਦਿੱਤੀਆਂ ਗਈਆਂ 28 ਤਰ੍ਹਾਂ ਦੀਆਂ ਸ਼ਰਤਾਂ ਸਬੰਧੀ ਜਾਣਕਾਰੀ ਦਿੰਦੇ ਕਿਹਾ ਗਿਆ ਕਿ ਸਕੂਲੀ ਬੱਸ ਦੇ ਡਰਾਈਵਰ ਦਾ ਯੂਨੀਫੋਮ ਵਿੱਚ ਹੋਣਾ ਲਾਜਮੀ ਹੈ, ਬੱਸ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਣੇ ਚਾਹੀਦੇ ਹਨ, ਕਿਸੇ ਇੱਕ ਵੀ ਫੀਮੇਲ ਬੱਚੀ ਦੇ ਬਸ ਵਿੱਚ ਸਫਰ ਕਰਦੇ ਹੋਏ ਲੇਡੀ ਅਟੈਂਡੈਂਟ ਦਾ ਹੋਣਾ ਲਾਜ਼ਮੀ ਹੈ, ਬੱਸ ਵਿੱਚ ਸਪੀਡ ਗਵਰਨਰ ਲੱਗੇ ਹੋਣੇ ਚਾਹੀਦੇ ਹਨ, ਐਮਰਜੰਸੀ ਕਿਟ ਹੋਣੀ ਚਾਹੀਦੀ ਹੈ, ਫਸਟ ਏਡ ਕਿੱਟ ਮੌਜੂਦ ਹੋਣੀ ਚਾਹੀਦੀ ਹੈ ਜਿਸ ਵਿੱਚ ਪਾਈਆਂ ਜਾਣ ਵਾਲੀਆਂ ਦਵਾਈਆਂ ਦੀ ਡੇਟ ਐਕਸਪਾਇਰ ਨਹੀਂ ਹੋਣੀ ਚਾਹੀਦੀ, ਬਸ ਵਿੱਚ ਸਿਟਿੰਗ ਕਪੈਸਿਟੀ ਤੋਂ ਜਿਆਦਾ ਬੱਚੇ ਨਹੀਂ ਹੋਣੇ ਚਾਹੀਦੇ, ਸਕੂਲ ਵੈਨ ਤੇ ਸਕੂਲ ਦਾ ਨਾਮ ਅਤੇ ਫੋਨ ਨੰਬਰ ਲਿਖਿਆ ਹੋਣਾ ਚਾਹੀਦਾ ਅਤੇ ਜੇਕਰ ਸਕੂਲ ਨੇ ਵੈਨ ਕਿਰਾਏ ਤੇ ਹਾਈਅਰ ਕੀਤੀ ਹੈ ਤੇ ਉਸ ਉੱਪਰ ਓਨ ਸਕੂਲ ਡਿਊਟੀ ਲਿਖਿਆ ਹੋਣਾ ਚਾਹੀਦਾ। ਇਹ ਅਨੁਸਾਰ ਵਿਸਥਾਰ ਪੂਰਵਕ ਜਾਣਕਾਰੀ ਦਿੰਦੇ ਹੋਏ ਜਿਲਾ ਬਾਲ ਸੁਰੱਖਿਆ ਅਫਸਰ ਵੱਲੋਂ ਮੀਟਿੰਗ ਵਿੱਚ ਹਾਜ਼ਰ ਸਮੂਹ ਸਕੂਲਾਂ ਦੇ ਮੁਖੀਆਂ ਨੂੰ ਅਪੀਲ ਕੀਤੀ ਗਈ ਕਿ ਜਲਦ ਤੋਂ ਜਲਦ ਆਪਣੇ ਸਕੂਲਾਂ ਦੀਆਂ ਸਾਰੀਆਂ ਸਕੂਲ ਬੱਸਾਂ ਨੂੰ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਅਨੁਸਾਰ ਅਪਡੇਟ ਕੀਤਾ ਜਾਵੇ। ਮੀਟਿੰਗ ਦੌਰਾਨ ਉਪ ਮੰਡਲ ਮਜਿਸਟਰੇਟ ਵੱਲੋਂ ਸਖਤ ਚੇਤਾਵਨੀ ਦਿੰਦੇ ਕਿਹਾ ਗਿਆ ਕਿ ਜੇਕਰ ਚੈਕਿੰਗ ਦੌਰਾਨ ਕਿਸੇ ਵੀ ਸਕੂਲ ਬੱਸ ਵਿੱਚ ਕੋਈ ਕਮੀ ਪਾਈ ਜਾਂਦੀ ਹੈ ਤਾਂ ਸਬੰਧਿਤ ਸਕੂਲ ਪ੍ਰਿੰਸੀਪਲ ਅਤੇ ਡਰਾਈਵਰ ਖਿਲਾਫ ਕਾਨੂੰਨ ਮੁਤਾਬਿਕ ਸਖਤ ਕਾਰਵਾਈ ਕੀਤੀ ਜਾਵੇਗੀ। ਮੀਟਿੰਗ ਵਿੱਚ ਜਿਲਾ ਬਾਲ ਸੁਰੱਖਿਆ ਅਫਸਰ ਸ਼ਹੀਦ ਭਗਤ ਸਿੰਘ ਨਗਰ ਬਲਾਕ ਬਲਾਚੌਰ ਦੇ ਪ੍ਰਾਈਵੇਟ ਸਕੂਲਾਂ ਦੇ ਮੁਖੀ ਅਤੇ ਐਸਡੀਐਮ ਦਫਤਰ ਬਲਾਚੌਰ ਦਾ ਸਟਾਫ ਹਾਜ਼ਰ ਸਨ।