ਐਸ.ਟੀ.ਐਫ਼ ਵਲੋਂ 3 ਕਿਲੋ ਤੋਂ ਵੱਧ ਹੈਰੋਇਨ ਬਰਾਮਦ
ਅੰਮ੍ਰਿਤਸਰ, 17 ਅਗਸਤ : ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋ ਨਸ਼ਿਆਂ ਦੇ ਖਾਤਮੇ ਲਈ ਗਠਿਤ ਕੀਤੇ ਗਏ ਪੁਲਿਸ ਦੇ ਵਿਸ਼ੇਸ਼ ਦਸਤੇ ਐਸ.ਟੀ.ਐਫ਼. ਬਾਰਡਰ ਰੇਂਜ ਅੰਮ੍ਰਿਤਸਰ ਨੇ ਸਰਹੱਦੀ ਪੱਟੀ ਵਿਚੋਂ 3 ਕਿਲੋ 120 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਜਿਸਦੀ ਅੰਤਰਰਾਸ਼ਟਰੀ ਮੰਡੀ ਵਿੱਚ ਕੀਮਤ 15 ਕਰੋੜ ਰੁਪਏ ਤੋਂ ਵੱਧ ਹੈ। ਇਹ ਜਾਣਕਾਰੀ ਦਿੰਦੇ ਬਾਰਡਰ ਰੇਂਜ ਦੇ ਸਹਾਇਕ ਇੰਸਪੈਕਟਰ ਜਨਰਲ ਸ੍ਰੀ ਕੁਲਜੀਤ ਸਿੰਘ ਨੇ ਦੱਸਿਆ ਕਿ ਸਾਡੇ ਡੀ.ਐਸ.ਪੀ. ਸਿਕੰਦਰ ਸਿੰਘ ਦੀ ਅਗਵਾਈ ਹੇਠ ਵਿਸ਼ੇਸ਼ ਓਪਰੇਸ਼ਨ ਦੌਰਾਨ ਇਹ ਨਸ਼ੀਲਾ ਪਦਾਰਥ ਬਰਾਮਦ ਕੀਤਾ ਗਿਆ। ਉਨਾਂ ਦੱਸਿਆ ਕਿ 14 ਅਗਸਤ ਨੂੰ ਅਸੀਂ ਮੁਕਦਮਾ ਨੰ: 131 ਅਧੀਨ ਨਾਮਜਦ ਗੁਰਪ੍ਰੀਤ ਸਿੰਘ ਉਰਫ ਗੋਪੀ ਪੁੱਤਰ ਸੁੱਚਾ ਸਿੰਘ ਵਾਸੀ ਝੰਝੀਆ ਕਲਾਂ, ਥਾਣਾ ਫਤਿਹਗੜ੍ਹ ਚੂੜੀਆਂ ਹਾਲ ਵਾਸੀ ਤੁੜ, ਥਾਣਾ ਸਰਹਾਲੀ, ਜਿਲ੍ਹਾ ਤਰਨ ਤਾਰਨ ਵਲੋਂ ਦੱਸੀ ਗਈ ਥਾਂ ਜੋ ਕਿ ਅੰਤਰਰਾਸ਼ਟਰੀ ਬਾਰਡਰ ਉਤੇ ਪੈਂਦਾ ਪਿੰਡ ਕਮਾਲਪੁਰਾ ਸੀ ਵਿਖੇ ਪਾਕਿਸਤਾਨੀ ਸਮਗਲਰਾਂ ਵਲੋਂ ਭੇਜੀ ਹੈਰੋਇਨ ਬੀ.ਐਸ.ਐਫ਼ ਨੂੰ ਨਾਲ ਲੈ ਕੇ ਬਰਾਮਦ ਕੀਤੀ। ਉਨਾਂ ਦੱਸਿਆ ਕਿ ਉਕਤ ਥਾਂ ਸਰਹੱਦੀ ਪੱਟੀ ਵਿੱਚ ਹੋਣ ਕਾਰਨ ਸਾਨੂੰ ਬੀ.ਐਸ.ਐਫ਼ ਦੀ ਸਹਾਇਤਾ ਲੈਣੀ ਪਈ ਅਤੇ ਕਥਿਤ ਦੋੋਸ਼ੀ ਵਲੋਂ ਦੱਸੀ ਗਈ ਥਾਂ ਦੀ ਤਲਾਸ਼ੀ ਦੌਰਾਨ ਹੈਰੋਇਨ ਬਰਾਮਦ ਹੋਈ, ਜਿਸਦਾ ਵਜ਼ਨ 3 ਕਿਲੋ 120 ਗਰਾਮ ਹੋਇਆ। ਉਨਾਂ ਦੱਸਿਆ ਕਿ ਇਸ ਸਬੰਧੀ ਕਥਿਤ ਮੁਲਜ਼ਮ ਖਿਲਾਫ਼ ਐਨ.ਡੀ.ਪੀ.ਐਸ. ਐਕਟ ਅਧੀਨ ਕੇਸ ਦਰਜ ਕਰਕੇ ਤਫ਼ਤੀਸ਼ ਜਾਰੀ ਹੈ।