ਐਸ.ਐਮ.ਓ. ’ਤੇ ਹਮਲੇ ਵਿਰੁਧ ਡਾਕਟਰਾਂ ਨੇ ਕਢਿਆ ਇਕਜੁੱਟਤਾ ਮਾਰਚ
ਸਿਹਤ ਸਟਾਫ਼ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ : ਡਾ. ਚੀਮਾ ਮੋਹਾਲੀ, 22 ਅਪ੍ਰੈਲ (ਸਤੀਸ਼ ਕੁਮਾਰ ਪੱਪੀ):- ਈ.ਐਸ.ਆਈ. ਹਸਪਤਾਲ ਹੁਸ਼ਿਆਰਪੁਰ ਦੇ ਐਸ.ਐਮ.ਓ. ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ਉਤੇ ਮਰੀਜ਼ ਦੇ ਰਿਸ਼ਤੇਦਾਰਾਂ ਵਲੋਂ ਕੀਤੇ ਗਏ ਹਮਲੇ ਦੇ ਵਿਰੋਧ ਵਿਚ ਸਥਾਨਕ ਜ਼ਿਲ੍ਹਾ ਹਸਪਤਾਲ ਅਤੇ ਮੈਡੀਕਲ ਕਾਲਜ ਦੇ ਡਾਕਟਰਾਂ ਤੇ ਹੋਰ ਸਟਾਫ਼ ਨੇ ਇਕਜੁੱਟਤਾ ਮਾਰਚ ਕਢਿਆ। ਇਕੱਤਰਤਾ ਨੂੰ ਸੰਬੋਧਨ ਕਰਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾ. ਐਚ.ਐਸ.ਚੀਮਾ ਨੇ ਆਖਿਆ ਕਿ ਪੀ.ਸੀ.ਐਮ.ਐਸ.ਏ. ਅਤੇ ਸਮੁੱਚਾ ਸਿਹਤ ਸਟਾਫ਼ ਡਾ. ਸੁਨੀਲ ਭਗਤ ਅਤੇ ਉਨ੍ਹਾਂ ਦੇ ਪਰਵਾਰ ’ਤੇ ਕੀਤੇ ਗਏ ਹਮਲੇ ਦੀ ਪੁਰਜ਼ੋਰ ਨਿਖੇਧੀ ਕਰਦਾ ਹੈ ਅਤੇ ਪੀੜਤ ਡਾਕਟਰ ਅਤੇ ਉਨ੍ਹਾਂ ਦੇ ਪਰਵਾਰ ਨਾਲ ਖੜਾ ਹੈ। ਉਨ੍ਹਾਂ ਕਿਹਾ ਕਿ ਇਹ ਮੰਦਭਾਗੀ ਗੱਲ ਹੈ ਕਿ ਮਰੀਜ਼ਾਂ ਦਾ ਇਲਾਜ ਕਰਨ ਵਾਲੇ ਡਾਕਟਰਾਂ ਉਤੇ ਹੀ ਮਰੀਜ਼ਾਂ ਦੇ ਰਿਸ਼ਤੇਦਾਰਾਂ ਵਲੋਂ ਹਮਲੇ ਕੀਤੇ ਜਾਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ। ਉਨ੍ਹਾਂ ਕਿਹਾ ਕਿ ਇਸ ਘਟਨਾ ਪ੍ਰਤੀ ਸਰਕਾਰ ਵਲੋਂ ਕੀਤੀ ਗਈ ਕਾਰਵਾਈ ਤਸੱਲੀਬਖ਼ਸ਼ ਰਹੀ ਹੈ, ਜਿਸ ਕਾਰਨ ਉਨ੍ਹਾਂ ਨੇ ਤਜਵੀਜ਼ਤ ਹੜਤਾਲ ਰੱਦ ਕਰ ਕੇ ਅੱਜ ਇਕਜੁੱਟਤਾ ਮਾਰਚ ਕਢਿਆ ਹੈ। ਉਨ੍ਹਾਂ ਸਰਕਾਰ ਕੋਲੋਂ ਮੰਗ ਕੀਤੀ ਕਿ ਡਾਕਟਰਾਂ ਸਮੇਤ ਸਮੁੱਚੇ ਸਿਹਤ ਸਟਾਫ਼ ਦੀ ਸੁਰੱਖਿਆ ਲਈ ਜ਼ਰੂਰੀ ਇੰਤਜ਼ਾਮ ਕੀਤੇ ਜਾਣ ਤਾਕਿ ਭਵਿੱਖ ਵਿਚ ਅਜਿਹੀਆਂ ਘਟਨਾਵਾਂ ਨਾ ਵਾਪਰਨ। ਮਾਰਚ ਵਿਚ ਐਸ.ਐਮ.ਓ. ਡਾ. ਵਿਜੇ ਭਗਤ, ਐਮ.ਐਸ. ਡਾ. ਨਵਦੀਪ ਸੈਣੀ ਤੇ ਹੋਰ ਡਾਕਟਰ ਸ਼ਾਮਲ ਸਨ।