ਅੰਮ੍ਰਿਤਸਰ, 10 ਮਈ ( ਵਿਸ਼ਵ ਵਾਰਤਾ )-ਕੋਵਿਡ 19 ਵਿਰੁੱਧ ਲਗਾਤਾਰ ਡਿਊਟੀ ਦੇ ਰਹੇ ਸਿਹਤ, ਪੁਲਿਸ, ਸਫਾਈ ਅਤੇ ਪ੍ਰਬੰਧਨ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਆਪਣੀਆਂ ਖੁਸ਼ੀਆਂ ਵੀ ਪਰਿਵਾਰ ਨਾਲ ਮਨਾਉਣ ਦੀ ਥਾਂ ਡਿਊਟੀ ਉਤੇ ਹੀ ਸ਼ਹਿਰ ਵਾਸੀਆਂ ਨਾਲ ਸਾਂਝੇ ਕਰ ਰਹੇ ਹਨ। ਮਦਰ ਦਿਵਸ ਮੌਕੇ ਕਾਰਪੋਰੇਸ਼ਨ ਦੇ ਕਮਿਸ਼ਨਰ ਸ੍ਰੀਮਤੀ ਕੋਮਲ ਮਿੱਤਲ, ਐਸ ਡੀ ਐਮ ਅਲਕਾ ਕਾਲੀਆ, ਐਸ ਡੀ ਐਮ ਸੁਮਿਤ ਮੁੱਧ ਵੀ ਆਪਣੇ ਬੱਚਿਆਂ ਨੂੰ ਘਰਾਂ ਵਿਚ ਛੱਡਕੇ ਅਹਿਮ ਡਿਊਟੀ ਨਿਭਾਉਂਦੇ ਨਜ਼ਰ ਆਏ। ਇਸੇ ਦੌਰਾਨ ਅੱਜ ਪੁਲਿਸ ਥਾਣਾ ਮਜੀਠਾ ਰੋਡ ਦੇ ਐਸ. ਐਚ. ਓ. ਸ੍ਰੀ ਜਸਪਾਲ ਸਿੰਘ ਦਾ ਜਨਮ ਦਿਨ ਵੀ ਸ਼ਹਿਰ ਵਾਸੀਆਂ ਨੇ ਫੋਰ ਐਸ ਚੌਕ ਵਿਚ ਪੁਲਿਸ ਨਾਕੇ ਉਤੇ ਹੀ ਮਨਾਇਆ।
ਇਸ ਮੌਕੇ ਉਮੀਦ ਫਾਉਡੇਸ਼ਨ ਦੇ ਚੇਅਰਮੈਨ ਤੇ ਕਾਂਗਰਸ ਦੇ ਸਾਬਕਾ ਸਕੱਤਰ ਸ. ਗੁਰਦੇਵ ਸਿੰਘ ਝੀਤਾ ਕੇਕ ਤਿਆਰ ਕਰਕੇ ਲਿਆਏ ਤੇ ਨਾਕੇ ਉਤੇ ਹੀ ਪ੍ਰੈਸ ਤੇ ਪੁਲਿਸ ਵਾਲਿਆਂ ਨਾਲ ਮਿਲ ਕੇ ਜਸਪਾਲ ਸਿੰਘ ਦਾ ਜਨਮ ਦਿਹਾੜਾ ਮਨਾਇਆ। ਸ. ਝੀਤਾ ਨੇ ਕਿਹਾ ਕਿ ਅੱਜ ਸੰਕਟ ਮੌਕੇ ਜੋ ਲੋਕ ਤਨਦੇਹੀ ਨਾਲ ਡਿਊਟੀ ਕਰ ਰਹੇ ਹਨ, ਉਨਾਂ ਦੀਆਂ ਖੁਸ਼ੀਆਂ ਦਾ ਖਿਆਲ ਰੱਖਣਾ ਸਾਡਾ ਸਾਰਿਆਂ ਦਾ ਫਰਜ਼ ਹੈ ਅਤੇ ਅੱਜ ਇਹ ਦਿਨ ਡਿਊਟੀ ਕਰ ਰਹੇ ਕਰਮਚਾਰੀਆਂ ਨਾਲ ਮਨਾ ਕੇ ਮਨ ਨੂੰ ਤਸੱਲੀ ਹੋਈ ਹੈ ਅਤੇ ਇੰਝ ਮਹਿਸੂਸ ਹੋਇਆ ਹੈ ਜਿਵੇਂ ਅਸੀਂ ਵੀ ਕੋਵਿਡ 19 ਵਿਰੁੱਧ ਕੋਈ ਜ਼ਿੰਮੇਵਾਰੀ ਸੰਭਾਲੀ ਹੋਵੇ। ਉਨਾਂ ਕਿਹਾ ਕਿ ਅਸੀਂ ਇੰਨਾ ਲੋਕਾਂ ਦਾ ਦੇਣ ਨਹੀਂ ਦੇ ਸਕਦੇ, ਜੋ ਸਾਨੂੰ ਸੁਰੱਖਿਅਤ ਰੱਖਣ ਲਈ ਦਿਨ-ਰਾਤ ਡਿਊਟੀ ਕਰ ਰਹੇ ਹਨ। ਇਸ ਮੌਕੇ ਐਸ ਐਚ ਓ ਸ਼ਿਵਦਰਸ਼ਨ ਸਿੰਘ, ਐਸ ਐਚ ਓ ਹਰਸਿਮਰਨਪ੍ਰੀਤ ਕੌਰ, ਗੁਰਸਾਹਿਬ ਸਿੰਘ ਢਿਲੋਂ, ਸ. ਮਨਜੀਤ ਸਿੰਘ ਅਤੇ ਹੋਰ ਸ਼ਹਿਰੀ ਵੀ ਹਾਜ਼ਰ ਸਨ।