ਐਸਟੀਐਫ ਵੱਲੋਂ 1 ਕਿਲੋ 540 ਗ੍ਰਾਮ ਹੈਰੋਇਨ ਸਮੇਤ ਇਕ ਸਮੱਗਲਰ ਕਾਬੂ
ਚੰਡੀਗੜ੍ਹ, 26 ਫਰਵਰੀ(ਵਿਸ਼ਵ ਵਾਰਤਾ)-ਸਪੈਸ਼ਲ ਟਾਸਕ ਫੋਰਸ STF ਲੁਧਿਆਣਾ ਰੇਂਜ ਦੀ ਪੁਲਿਸ ਨੇ ਕਰੋੜਾਂ ਦੀ ਹੈਰੋਇਨ ਸਮੇਤ ਇੱਕ ਨਸ਼ਾ ਤਸਕਰ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਮੁਲਜ਼ਮ ਦੀ ਪਛਾਣ ਬਲਵਿੰਦਰ ਸਿੰਘ ਉਰਫ ਵੀਰੂ (27) ਵਾਸੀ ਪਿੰਡ ਰਕਸੇਡਾ ਪੈਂਦੇ ਹਰਿਆਣਾ ਪਾਣੀਪਤ ਵਜੋਂ ਹੋਈ ਹੈ, ਮੁਲਜ਼ਮ ਹੁਣ ਨਿਊ ਜਨਤਾ ਨਗਰ ਵਿੱਚ ਕਿਰਾਏ ’ਤੇ ਰਹਿ ਰਿਹਾ ਸੀ। ਇਸ ਸਬੰਧੀ ਅਗਲੀ ਜਾਣਕਾਰੀ ਦਿੰਦਿਆਂ ਐਸ.ਟੀ.ਐਫ ਲੁਧਿਆਣਾ ਰੇਂਜ ਦੇ ਏ.ਆਈ.ਜੀ ਸਨੇਹਦੀਪ ਸ਼ਰਮਾ ਨੇ ਦੱਸਿਆ ਕਿ ਦੋਸ਼ੀ ਨੂੰ ਬੀਤੇ ਦਿਨ ਲੁਧਿਆਣਾ ਰੇਂਜ ਇੰਚਾਰਜ ਹਰਬੰਸ ਸਿੰਘ ਸਮੇਤ ਟੀਮ ਨੇ ਕਾਬੂ ਕੀਤਾ ਸੀ। ਪੁਲਸ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਉਕਤ ਦੋਸ਼ੀ ਪਿਛਲੇ ਕਾਫੀ ਸਮੇਂ ਤੋਂ ਹੈਰੋਇਨ ਦੀ ਤਸਕਰੀ ਦਾ ਧੰਦਾ ਕਰ ਰਿਹਾ ਹੈ। ਜੋ ਅੱਜ ਵੀ ਆਪਣੇ ਗ੍ਰਾਹਕ ਨੂੰ ਹੈਰੋਇਨ ਸਪਲਾਈ ਕਰਨ ਲਈ ਕਾਲੇ ਰੰਗ ਦੇ ਸਪਲੈਂਡਰ ਮੋਟਰਸਾਈਕਲ ‘ਤੇ ਸਵਾਰ ਹੋ ਕੇ ਚੀਮਾ ਚੌਂਕ ਆਰ.ਕੇ ਰੋਡ ਤੋਂ ਮੁਹੱਲਾ ਅੰਬੇਡਕਰ ਨਗਰ ਘੋੜਾ ਕਲੋਨੀ ਇੰਡਸਟਰੀਅਲ ਏਰੀਆ ਏ ਵੱਲ ਆ ਰਿਹਾ ਹੈ। ਉਸ ਨੂੰ ਫੜਨ ਲਈ ਐਸਟੀਐਫ ਮੁਹਾਲੀ ਵਿੱਚ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ। ਜਿਸਦੇ ਬਾਅਦ ਦੋਸ਼ੀ ਨੂੰ ਜ਼ੂਮ ਹੋਟਲ ਨੇੜੇ ਨਾਕਾਬੰਦੀ ਕਰਕੇ ਕਾਬੂ ਕਰ ਲਿਆ ਗਿਆ। ਮੌਕੇ ’ਤੇ ਪੁਲੀਸ ਉਪ ਕਪਤਾਨ ਅਜੇ ਕੁਮਾਰ ਦੀ ਹਾਜ਼ਰੀ ਵਿੱਚ ਮੁਲਜ਼ਮ ਵੱਲੋਂ ਪਾਏ ਪਿੱਠੂ ਬੈਗ ਦੀ ਜਾਂਚ ਕੀਤੀ ਗਈ। ਜਿਸ ਕੋਲੋਂ 1 ਕਿਲੋ 540 ਗ੍ਰਾਮ ਬਰਾਮਦ ਹੋਈ। ਬਾਅਦ ਵਿੱਚ ਅਗਲੀ ਪੁੱਛਗਿੱਛ ਵਿੱਚ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਪਿਛਲੇ ਦੋ-ਤਿੰਨ ਸਾਲਾਂ ਤੋਂ ਹੈਰੋਇਨ ਤਸਕਰੀ ਦਾ ਧੰਦਾ ਕਰ ਰਿਹਾ ਹੈ। ਪੁਲਿਸ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਵਿੱਚ ਜੁਟੀ ਹੋਈ ਹੈ।