ਕਿਹਾ ਕਿ ਅਕਾਲ ਪੁਰਖ਼ ਦਾ ਸ਼ੁਕਰਾਨਾ ਹਲਕੇ ਵਿਚ ਵੋਟਿੰਗ ਦੌਰਾਨ ਇਕ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ
ਪਟਿਆਲਾ, 1 ਜੂਨ: ਪਟਿਆਲਾ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਨ ਕੇ ਸ਼ਰਮਾ ਨੇ ਅੱਜ ਵੋਟਿੰਗ ਵੇਲੇ ਪੂਰਨ ਅਮਨ ਤੇ ਸ਼ਾਂਤੀ ਨਾਲ ਮਤਦਾਨ ਲਈ ਸਮੂੲ ਵੋਟਰਾਂ ਦਾ ਧੰਨਵਾਦ ਕੀਤਾ ਹੈ ਤੇ ਕਿਹਾ ਹੈ ਕਿ ਸ਼ਾਂਤੀ ਤੇ ਭਾਈਚਾਰਜਕ ਸਾਂਝ ਹੀ ਪੰਜਾਬ, ਪੰਜਾਬੀਆਂ ਤੇ ਪੰਜਾਬੀਅਤ ਦੀ ਤਰੱਕੀ ਦਾ ਅਸਲ ਆਧਾਰ ਤੇ ਰਾਹ ਹੈ।
ਅੱਜ ਸ਼ਾਮ ਵੋਟਿੰਗ ਦਾ ਸਮਾਂ ਸਮਾਪਤ ਹੋਣ ਮਗਰੋਂ ਜਾਰੀ ਕੀਤੇ ਇਕ ਬਿਆਨ ਵਿਚ ਐਨ ਕੇ ਸ਼ਰਮਾ ਨੇ ਕਿਹਾ ਕਿ ਉਹਨਾਂ ਨੂੰ ਇਸ ਗੱਲ ਦੀ ਖੁਸ਼ੀ ਤੇ ਸੰਤੁਸ਼ਟੀ ਹੈ ਕਿ ਸਮੁੱਚੇ ਪਟਿਆਲਾ ਪਾਰਲੀਮਾਨੀ ਹਲਕੇ ਵਿਚ ਸਵੇਰੇ 7.00 ਵਜੇ ਤੋਂ ਸ਼ਾਮ 6.00 ਵਜੇ ਵੋਟਾਂ ਪਾਉਣ ਦਾ ਪੂਰਨ ਅਮਨ ਅਮਾਨ ਨਾਲ ਨੇਪਰੇ ਚੜ੍ਹਿਆ ਹੈ ਤੇ ਕਿਤੇ ਵੀ ਕੋਈ ਵੀ ਮੰਦਭਾਗੀ ਘਟਨਾ ਨਹੀਂ ਵਾਪਰੀ। ਉਹਨਾਂ ਕਿਹਾ ਕਿ ਉਹ ਹਮੇਸ਼ਾ ਹੀ ਇਹ ਕਹਿੰਦੇ ਆਏ ਹਨ ਕਿ ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਮੇਸ਼ਾ ਸ਼ਾਂਤੀ ਤੇ ਆਪਸੀ ਭਾਈਚਾਰਕ ਸਾਂਝ ਦੀ ਵਕਾਲਤ ਕੀਤੀ ਹੈ ਤੇ ਇਸੇ ਸਦਕਾ ਉਹਨਾਂ ਦੇ ਕਾਰਜਕਾਲ ਵਿਚ ਪੰਜਾਬ ਵਿਚ ਤਰੱਕੀ ਤੇ ਖੁਸ਼ਹਾਲੀ ਆਈ।
ਉਹਨਾਂ ਕਿਹਾ ਕਿ ਜਿਸ ਤਰੀਕੇ ਅੱਜ ਵੋਟਾਂ ਵੇਲੇ ਸਮੂਹ ਵੋਟਰਾਂ ਨੇ ਪੂਰਨ ਸ਼ਾਂਤੀ, ਆਪਸੀ ਭਾਈਚਾਰਕ ਸਾਂਝ, ਹਾਂ ਪੱਖੀ ਰਵੱਈਏ ਤੇ ਉਤਸ਼ਾਹ ਨਾਲ ਵੋਟਾਂ ਪਾਈਆਂ, ਉਹ ਸਮੁੱਚੇ ਹਲਕੇ ਹੀ ਨਹੀਂ ਬਲਕਿ ਪੰਜਾਬ ਲਈ ਮਾਣ ਵਾਲੀ ਗੱਲ ਹੈ। ਉਹਨਾਂ ਕਿਹਾ ਕਿ ਉਹਨਾਂ ਆਪ ਹਲਕੇ ਦੇ ਵੱਖ-ਵੱਖ ਪਿੰਡਾਂ ਦਾ ਦੌਰਾ ਕਰਦਿਆਂ ਵੇਖਿਆ ਹੈ ਕਿ ਵੱਖ-ਵੱਖ ਪਾਰਟੀਆਂ ਦੇ ਸਾਂਝੇ ਬੂਥ ਵੀ ਪਿੰਡਾਂ ਵਿਚ ਲੱਗੇ ਸਨ ਜੋ ਬਹੁਤ ਹੀ ਚੰਗਾ ਫੈਸਲਾ ਹੈ। ਉਹਨਾਂ ਕਿਹਾ ਕਿ ਰਾਜਨੀਤੀ ਸੋਚ ਦੇ ਵੱਖਰੇਵੇਂ ਤਾਂ ਹੋ ਸਕਦੇ ਹਨ ਪਰ ਭਾਈਚਾਰਕ ਸਾਂਝ ਦੇ ਵੱਖਰੇਵੇਂ ਕਦੇ ਵੀ ਨਹੀਂ ਹੋਣੇ ਚਾਹੀਦੇ।
ਉਹਨਾਂ ਕਿਹਾ ਕਿ ਉਹ ਸਮੂਹ ਵੋਟਰਾਂ ਤੇ ਲੋਕਾਂ ਦੇ ਧੰਨਵਾਦੀ ਹਨ ਕਿ ਵੋਟਾਂ ਪੈਣ ਦਾ ਕੰਮ ਪੂਰਨ ਅਮਨ ਅਮਾਨ ਨਾਲ ਨੇਪਰੇ ਚੜ੍ਹ ਗਿਆ ਹੈ।