ਵੱਡੀ ਖ਼ਬਰ
34 ਕਿੱਲੋ ਸੋਨੇ ਦੀ ਲੁੱਟ ਦਾ ਮਾਮਲਾ
ਐਨ.ਆਈ.ਏ ਨੇ ਕੀਤੀ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ
ਚੰਡੀਗੜ੍ਹ, 1 ਜੁਲਾਈ (ਵਿਸ਼ਵ ਵਾਰਤਾ)- ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਲੁਧਿਆਣਾ ਵਿੱਚ ਹੋਈ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਕੀਤੀ ਗਈ ਹੈ। ਚਰਚਾ ਹੈ ਕਿ 34 ਕਿੱਲੋ ਹੋਏ ਸੋਨੇ ਦੀ ਲੁੱਟ ਵਿੱਚੋਂ ਕੁਝ ਸੋਨਾ ਗੈਂਗਸਟਰ ਗਗਨ ਜੱਜ ਦੇ ਘਰ ਵਿਚ ਲੁਕੋ ਕੇ ਰੱਖਿਆ ਗਿਆ ਹੋ ਸਕਦਾ ਹੈ ਇਸੇ ਸ਼ੱਕ ਦੇ ਤਹਿਤ ਉਸ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।
ਐਨਆਈਏ ਦੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਜਾਣਕਾਰੀ ਅਨੁਸਾਰ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ ਨੇ ਰਲ ਕੇ ਹੀ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ। ਦੱਸ ਦੱਇਏ ਕਿ ਗਗਨ ਜੱਜ ਹੁਣ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅੱਜ ਅਚਾਨਕ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਸਥਿਤ ਗਗਨ ਜੱਜ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਗਗਨ ਜੱਜ ਦੇ ਘਰ ਵਿੱਚ ਉਸ ਦੀ ਇੱਕ ਭੈਣ ਮੌਜੂਦ ਹੈ। ਇਸ ਬਾਰੇ ਜਦੋਂ ਟੀਮ ਨੇ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਐਨਆਈਏ ਦੀ ਟੀਮ ਜਿਵੇਂ ਵੀ ਤਲਾਸ਼ੀ ਲੈਣੀ ਚਾਹੁੰਦੀ ਹੈ। ਉਨ੍ਹਾਂ ਵੱਲੋਂ ਪੂਰੀ ਮਦਦ ਕੀਤਾ ਜਾਵੇਗੀ। ਗਗਨ ਜੱਜ ਦੇ ਘਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲੀਸ ਨੂੰ ਵੀ ਇਸ ਮਾਮਲੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਹੀ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।