ਐਨਆਈਏ ਨੂੰ ਮਿਲਿਆ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਰਿਮਾਂਡ, ਸਾਢੇ ਚਾਰ ਮਹੀਨਿਆਂ ਬਾਅਦ ਲਿਜਾਇਆ ਜਾਵੇਗਾ ਵਾਪਸ ਦਿੱਲੀ
ਚੰਡੀਗੜ੍ਹ 24 ਨਵੰਬਰ(ਵਿਸ਼ਵ ਵਾਰਤਾ)- ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕਾਂਡ ਦਾ ਮੁੱਖ ਦੋਸ਼ੀ ਗੈਂਗਸਟਰ ਲਾਰੈਂਸ ਬਿਸ਼ਨੋਈ ਹੁਣ ਐਨਆਈਏ ਦੀ ਗ੍ਰਿਫਤ ਵਿੱਚ ਆ ਗਿਆ ਹੈ। ਜਿਸ ਤੋਂ ਬਾਅਦ ਹੁਣ ਲਗਭਗ ਸਾਢੇ 4 ਮਹੀਨਿਆਂ ਬਾਅਦ ਉਸਨੂੰ ਪੰਜਾਬ ਤੋਂ ਬਾਹਰ ਲਿਜਾਇਆ ਜਾ ਸਕਦਾ ਹੈ। ਅੱਜ ਦਿੱਲੀ ਦੀ ਸਪੈੱਸ਼ਲ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਦੀ ਅਦਾਲਤ ਵਿੱਚ ਉਸਦੀ ਵੀਡੀਓ ਕਾਨਫਰੰਸਿੰਗ ਰਾਂਹੀਂ ਪੇਸ਼ੀ ਹੋਈ।ਜਿਸ ਤੋਂ ਬਾਅਦ ਐਨਆਈਏ ਨੂੰ ਉਸਦਾ 10 ਦਿਨਾਂ ਦਾ ਰਿਮਾਂਡ ਮਿਲਿਆ ਹੈ। NIA ਨੇ ਉਸ ‘ਤੇ ਅੱਤਵਾਦੀ ਅਤੇ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਹੋਣ ਦੇ ਦੋਸ਼ ਲਗਾਏ ਹਨ।
ਪ੍ਰਾਪਤ ਜਾਣਕਾਰੀ ਅਨੁਸਾਰ ਐਨਆਈਏ ਨੇ ਗੈਂਗਸਟਰ ਲਾਰੈਂਸ ਖ਼ਿਲਾਫ਼ ਯੂਏਪੀਏ ਤਹਿਤ ਕੇਸ ਦਰਜ ਕੀਤਾ ਹੈ, ਜੋ ਕਿ ਅੱਤਵਾਦੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ’ਤੇ ਗ਼ੈਰ-ਕਾਨੂੰਨੀ ਗਤੀਵਿਧੀਆਂ ਨੂੰ ਰੋਕਣ ਲਈ ਬਣਾਏ ਗਏ ਨਿਯਮ ਹਨ। ਜਿਸ ਤੋਂ ਬਾਅਦ NIA ਲਾਰੇਂਸ ਨੂੰ ਬਠਿੰਡਾ ਜੇਲ੍ਹ ਤੋਂ ਆਪਣੀ ਹਿਰਾਸਤ ਵਿੱਚ ਲੈਣ ਜਾ ਰਹੀ ਹੈ। NIA ਲਾਰੇਂਸ ਨੂੰ ਥੋੜ੍ਹੀ ਦੇਰ ਵਿੱਚ ਬਠਿੰਡਾ ਜੇਲ੍ਹ ਤੋਂ ਦਿੱਲੀ ਲੈ ਕੇ ਜਾਵੇਗੀ ਅਤੇ ਅੱਤਵਾਦੀ ਸਬੰਧਾਂ ਨੂੰ ਲੈ ਕੇ ਪੁੱਛਗਿੱਛ ਕਰੇਗੀ। ਪ੍ਰਾਪਤ ਜਾਣਕਾਰੀ ਅਨੁਸਾਰ ਕ ਕੇਂਦਰੀ ਖੁਫੀਆ ਏਜੰਸੀਆਂ ਨੇ ਗ੍ਰਹਿ ਮੰਤਰਾਲੇ ਨੂੰ ਇਨਪੁਟ ਦਿੱਤੇ ਹਨ ਕਿ ਕਈ ਗੈਂਗਸਟਰ ਅੱਤਵਾਦੀ ਸੰਗਠਨਾਂ ਦੇ ਸੰਪਰਕ ‘ਚ ਹਨ। ਭਾਰਤ ਸਰਕਾਰ ਨੇ ਇਨ੍ਹਾਂ ਸੰਗਠਨਾਂ ਨੂੰ ਅੱਤਵਾਦੀਆਂ ਦੀ ਸੂਚੀ ਵਿੱਚ ਪਾ ਦਿੱਤਾ ਹੈ। ਇਨ੍ਹਾਂ ਅੱਤਵਾਦੀ ਸੰਗਠਨਾਂ ਨਾਲ ਮਿਲ ਕੇ ਇਹ ਗੈਂਗਸਟਰ ਭਾਰਤ ‘ਚ ਟਾਰਗੇਟ ਕਿਲਿੰਗ ਨੂੰ ਅੰਜਾਮ ਦੇ ਸਕਦੇ ਹਨ।
ਕੁਝ ਦਿਨ ਪਹਿਲਾਂ ਐਨਆਈਏ ਨੇ ਇਸ ਸਬੰਧੀ ਪੰਜਾਬ, ਹਰਿਆਣਾ, ਦਿੱਲੀ ਅਤੇ ਚੰਡੀਗੜ੍ਹ ਵਿੱਚ ਇਨ੍ਹਾਂ ਗੈਂਗਸਟਰਾਂ ਦੇ ਘਰਾਂ ਵਿੱਚ ਛਾਪੇਮਾਰੀ ਵੀ ਕੀਤੀ ਸੀ। ਇੱਥੋਂ ਤੱਕ ਕਿ ਉਸ ਦੇ ਕੇਸ ਦੀ ਨੁਮਾਇੰਦਗੀ ਕਰਨ ਵਾਲੇ ਕੁਝ ਵਕੀਲਾਂ ‘ਤੇ ਵੀ ਛਾਪੇ ਮਾਰੇ ਗਏ।