ਐਡਵੋਕੇਟ ਸਿੱਪੀ ਸਿੱਧੂ ਕਤਲ ਕੇਸ ਮਾਮਲਾ -ਮੁਲਜ਼ਮ ਕਲਿਆਣੀ ਸਿੰਘ ਦੀ ਅੱਜ ਚੰਡੀਗੜ੍ਹ ਦੀ ਸੀਬੀਆਈ ਅਦਾਲਤ ਵਿੱਚ ਪੇਸ਼ੀ
ਚੰਡੀਗੜ੍ਹ 9 ਫਰਵਰੀ(ਵਿਸ਼ਵ ਵਾਰਤਾ ਬਿਉਰੋ)- ਐਡਵੋਕੇਟ ਅਤੇ ਕੌਮੀ ਪੱਧਰ ਦੇ ਸ਼ੂਟਰ ਸੁਖਮਨਪ੍ਰੀਤ ਸਿੰਘ ਉਰਫ਼ ਸਿੱਪੀ ਸਿੱਧੂ ਦੇ ਕਤਲ ਕੇਸ ਦੀ ਮੁਲਜ਼ਮ ਕਲਿਆਣੀ ਸਿੰਘ ਨੂੰ ਅੱਜ ਚੰਡੀਗੜ੍ਹ ਸੀਬੀਆਈ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਅਦਾਲਤ ਨੇ ਉਸ ਨੂੰ ਅੱਜ ਪੇਸ਼ ਹੋਣ ਦਾ ਹੁਕਮ ਦਿੱਤਾ ਹੈ। ਦੱਸ ਦਈਏ ਕਿ ਕਲਿਆਣੀ ਸਿੰਘ ਸ਼ਿਮਲਾ ਹਾਈ ਕੋਰਟ ਦੀ ਚੀਫ਼ ਜਸਟਿਸ ਦੀ ਧੀ ਹੈ ਅਤੇ ਉਸਤੇ 2015 ‘ਚ ਸਿੱਪੀ ਸਿੱਧੂ ਨੂੰ ਸੈਕਟਰ 27 ਦੇ ਇੱਕ ਪਾਰਕ ‘ਚ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਹੈ।
ਕਲਿਆਣੀ ਨੂੰ ਘਟਨਾ ਦੇ ਛੇ ਸਾਲ ਬਾਅਦ ਪਿਛਲੇ ਸਾਲ 15 ਜੂਨ ਨੂੰ ਗ੍ਰਿਫਤਾਰ ਕੀਤਾ ਗਿਆ ਸੀ। 6 ਦਿਨ ਦੇ ਰਿਮਾਂਡ ਤੋਂ ਬਾਅਦ ਉਸ ਨੂੰ ਬੁੜੈਲ ਜੇਲ੍ਹ ਭੇਜ ਦਿੱਤਾ ਗਿਆ ਅਤੇ ਸਤੰਬਰ ਵਿੱਚ ਹਾਈ ਕੋਰਟ ਤੋਂ ਜ਼ਮਾਨਤ ਮਿਲ ਗਈ। ਸਿੱਪੀ ਸਿੱਧੂ ਦੀ ਮ੍ਰਿਤਕ ਦੇਹ 20 ਸਤੰਬਰ, 2015 ਖੂਨ ਨਾਲ ਲੱਥਪੱਥ ਹਾਲਤ ਵਿੱਚ ਮਿਲੀ ਸੀ। ਉਸ ਨੂੰ 4 ਗੋਲੀਆਂ ਮਾਰੀਆਂ ਗਈਆਂ ਸਨ।ਹੁਣ ਸੀਬੀਆਈ ਹੇਠਲੀ ਅਦਾਲਤ ਵਿੱਚ ਕਲਿਆਣੀ ਖ਼ਿਲਾਫ਼ ਦੋਸ਼ ਆਇਦ ਕਰਨ ਦੀ ਪ੍ਰਕਿਰਿਆ ਸ਼ੁਰੂ ਹੋਵੇਗੀ। ਇਸ ਤੋਂ ਪਹਿਲਾਂ ਕਲਿਆਣੀ ਨੇ ਅਰਜ਼ੀ ਦਾਇਰ ਕਰਕੇ ਅਦਾਲਤ ਰਾਹੀਂ ਕੇਸ ਨਾਲ ਸਬੰਧਤ ਕਈ ਦਸਤਾਵੇਜ਼ਾਂ ਅਤੇ ਸਬੂਤਾਂ ਦੀਆਂ ਕਾਪੀਆਂ ਲਈਆਂ ਹਨ, ਜਿਨ੍ਹਾਂ ਦੇ ਆਧਾਰ ’ਤੇ ਉਸ ਨੂੰ ਮੁਲਜ਼ਮ ਬਣਾਇਆ ਗਿਆ ਹੈ। ਹੁਣ ਕਲਿਆਣੀ ਇਨ੍ਹਾਂ ਦਸਤਾਵੇਜ਼ਾਂ ਅਤੇ ਸਬੂਤਾਂ ‘ਤੇ ਸਵਾਲ ਚੁੱਕ ਕੇ ਖੁਦ ਨੂੰ ਬੇਕਸੂਰ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ। ਉਸ ਖਿਲਾਫ ਕਤਲ, ਅਪਰਾਧਿਕ ਸਾਜ਼ਿਸ਼ ਵਿੱਚ ਸ਼ਾਮਲ ਹੋਣ ਅਤੇ ਸਬੂਤ ਨਸ਼ਟ ਕਰਨ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।