ਐਡਵੋਕੇਟ ਜਨਰਲ ਦੀ ਨਿਯੁਕਤੀ ਨੂੰ ਲੈ ਕੇ ਹੋ ਰਹੇ ਹੰਗਾਮੇ ਵਿਚਾਲੇ ਵਿਨੋਦ ਘਈ ਦੇ ਹੱਕ ਵਿੱਚ ਉੱਤਰੀ ਪੰਜਾਬ ਅਤੇ ਹਰਿਆਣਾ ਹਾਈਕੋਰਟ ਬਾਰ ਕੌਂਸਿਲ
ਚੰਡੀਗੜ੍ਹ,29 ਜੁਲਾਈ(ਵਿਸ਼ਵ ਵਾਰਤਾ)-ਪੰਜਾਬ ਦੇ ਨਵੇਂ ਐਡਵੋਕੇਟ ਜਨਰਲ ਦੀਪਕ ਘਈ ਨੂੰ ਲੈ ਕੇ ਹੋ ਰਹੇ ਹੰਗਾਮੇ ਦੇ ਵਿਚਕਾਰ ਪੰਜਾਬ ਅਤੇ ਹਰਿਆਣਾ ਬਾਰ ਕੌਂਸਲ ਵਿਨੋਦ ਘਈ ਦੇ ਹੱਕ ਵਿੱਚ ਨਿੱਤਰ ਆਈ ਹੈ। ਬਾਰ ਕੌਂਸਲ ਨੇ ਇਸ ਸਬੰਧੀ ਬਿਆਨ ਜਾਰੀ ਕੀਤਾ ਹੈ। ਜਿਸ ਵਿਚ ਕਿਹਾ ਗਿਆ ਹੈ ਕਿ ਜਿਸ ਤਰ੍ਹਾਂ ਡਾਕਟਰ ਆਪਣੇ ਕੋਲ ਆਉਣ ਵਾਲੇ ਹਰ ਮਰੀਜ਼ ਦਾ ਇਲਾਜ ਕਰਦਾ ਹੈ ਅਤੇ ਉਸਦੀ ਜਾਤ, ਧਰਮ, ਚਰਿੱਤਰ ਆਦਿ ਨਹੀਂ ਦੇਖਦਾ। ਇਸੇ ਤਰ੍ਹਾਂ ਵਕੀਲ ਵੀ ਹਰ ਮੁਵੱਕਿਲ ਦਾ ਕੇਸ ਲੜਦਾ ਹੈ। ਬਾਰ ਕੌਂਸਲ ਦੇ ਚੇਅਰਮੈਨ ਐਡਵੋਕੇਟ ਸੁਵੀਰ ਸਿੱਧੂ ਨੇ ਕਿਹਾ ਕਿ ਰਾਜ ਅਤੇ ਕੇਂਦਰੀ ਏਜੰਸੀਆਂ ਨੂੰ ਵਕੀਲਾਂ ’ਤੇ ਅਜਿਹੇ ਹਮਲਿਆਂ ਨਾਲ ਸਖ਼ਤੀ ਨਾਲ ਨਜਿੱਠਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬਾਰ ਕੌਂਸਲ ਇਸ ਨੂੰ ਗੰਭੀਰਤਾ ਨਾਲ ਲੈ ਰਹੀ ਹੈ। ਜੇਕਰ ਕੋਈ ਉਲੰਘਣਾ ਕਰਦਾ ਹੈ ਤਾਂ ਕਾਨੂੰਨੀ ਕਾਰਵਾਈ ਵੀ ਕੀਤੀ ਜਾ ਸਕਦੀ ਹੈ। ਦੱਸ ਦਈਏ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਹਾਲ ਹੀ ਵਿੱਚ ਸੀਨੀਅਰ ਐਡਵੋਕੇਟ ਵਿਨੋਦ ਘਈ ਨੂੰ ਨਵਾਂ ਐਡਵੋਕੇਟ ਜਨਰਲ ਨਿਯੁਕਤ ਕਰਨ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਵਿਰੋਧੀ ਪਾਰਟੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ। ਉਨ੍ਹਾਂ ਕਿਹਾ ਕਿ ਐਡਵੋਕੇਟ ਘਈ ਬੇਅਦਬੀ ਮਾਮਲੇ ‘ਚ ਰਾਮ ਰਹੀਮ ਦੇ ਵਕੀਲ ਸਨ। ਇਸ ਤੋਂ ਇਲਾਵਾ ਉਹ ਬਰਖ਼ਾਸਤ ਸਿਹਤ ਮੰਤਰੀ ਡਾਕਟਰ ਵਿਜੇ ਸਿੰਗਲਾ, ਸਾਬਕਾ ਕਾਂਗਰਸੀ ਮੰਤਰੀ ਆਸ਼ੂ ਅਤੇ ਗਾਇਕ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਦੇ ਵੀ ਵਕੀਲ ਰਹੇ ਹਨ। ਅਜਿਹੇ ‘ਚ ਉਨ੍ਹਾਂ ਨੂੰ ਐਡਵੋਕੇਟ ਜਨਰਲ ਬਣਾਉਣਾ ਠੀਕ ਨਹੀਂ ਹੈ। ਇਸ ਤੋਂ ਪਹਿਲਾਂ ਐਡਵੋਕੇਟ ਵਿਨੋਦ ਘਈ ਨੇ ਵੀ ਕਿਹਾ ਸੀ ਕਿ ਉਨ੍ਹਾਂ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਨਹੀਂ ਹੈ। ਐਡਵੋਕੇਟ ਜਨਰਲ ਦੇ ਅਹੁਦੇ ਲਈ ਉਸ ਨੇ ਕਿਤੇ ਵੀ ਪਹੁੰਚ ਨਹੀਂ ਕੀਤੀ। ਪੰਜਾਬ ਸਰਕਾਰ ਨੇ ਖੁਦ ਉਨ੍ਹਾਂ ਨਾਲ ਸੰਪਰਕ ਕਰਕੇ ਇਸ ਅਹੁਦੇ ’ਤੇ ਨਿਯੁਕਤੀ ਦੀ ਗੱਲ ਕੀਤੀ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਪੰਜਾਬ ਸਰਕਾਰ ਦੀ ਤਰਫੋਂ ਕੇਸਾਂ ਦੀ ਜ਼ੋਰਦਾਰ ਵਕਾਲਤ ਕੀਤੀ ਜਾਵੇਗੀ।
ਬਾਰ ਕੌਂਸਿਲ ਵੱਲੋਂ ਜਾਰੀ ਸਟੇਟਮੈਂਟ –