ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ ਨਵਾਂ ਪ੍ਰਧਾਨ ਬਣਾਇਆ
ਚੰਡੀਗੜ੍ਹ, 25 ਸਤੰਬਰ( ਵਿਸ਼ਵ ਵਾਰਤਾ)-ਸੁਪਰੀਮ ਕੋਰਟ ਵੱਲੋਂ ਮਾਨਤਾ ਮਿਲਣ ਤੋਂ ਬਾਅਦ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਪੀਸੀ) ਵਿੱਚ ਵੱਡਾ ਫੇਰਬਦਲ ਹੋ ਗਿਆ ਹੈ। ਕਮੇਟੀ ਦੀ ਮੀਟਿੰਗ ਸ਼ਨੀਵਾਰ ਦੇਰ ਸ਼ਾਮ ਹਰਿਆਣਾ ਦੇ ਕੈਥਲ ਦੇ ਨਿੰਮ ਸਾਹਿਬ ਗੁਰਦੁਆਰਾ ਵਿਖੇ ਹੋਈ। ਜਿਸ ਵਿੱਚ ਬਲਜੀਤ ਸਿੰਘ ਦਾਦੂਵਾਲ ਨੂੰ ਪ੍ਰਧਾਨ ਦੇ ਅਹੁਦੇ ਤੋਂ ਹਟਾ ਕੇ ਜਗਦੀਸ਼ ਸਿੰਘ ਝੀਂਡਾ ਨੂੰ ਸਰਬਸੰਮਤੀ ਨਾਲ HSGPC ਦਾ ਨਵਾਂ ਪ੍ਰਧਾਨ ਬਣਾਇਆ ਗਿਆ। ਨਿੰਮ ਸਾਹਿਬ ਗੁਰਦੁਆਰਾ ਵਿਖੇ ਕਈ ਘੰਟੇ ਚੱਲੀ ਇਸ ਮੀਟਿੰਗ ਵਿੱਚ ਸਰਬਸੰਮਤੀ ਨਾਲ ਕਮੇਟੀ ਮੈਂਬਰਾਂ ਦੀ ਚੋਣ ਕੀਤੀ ਗਈ।ਇਸ ਦੇ ਨਾਲ ਹੀ ਇਸ ਤਖਤਾਪਲਟ ‘ਤੇ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਇਸ ਤਰ੍ਹਾਂ ਪ੍ਰਧਾਨ ਨਹੀਂ ਬਦਲੇ ਜਾਂਦੇ। ਇਸ ਦੀ ਵੀ ਇੱਕ ਵਿਧੀ ਹੈ। ਅਜਿਹੇ ‘ਚ ਆਉਣ ਵਾਲੇ ਦਿਨਾਂ ‘ਚ HSGPC ‘ਚ ਪ੍ਰਧਾਨਗੀ ਨੂੰ ਲੈ ਕੇ ਹੰਗਾਮਾ ਹੋਰ ਵੱਧ ਸਕਦਾ ਹੈ।ਜਗਦੀਸ਼ ਸਿੰਘ ਝੀਂਡਾ ਨੇ ਕਿਹਾ ਕਿ ਲੰਬੇ ਸੰਘਰਸ਼ ਤੋਂ ਬਾਅਦ ਹਰਿਆਣਾ ਦੀ ਵੱਖਰੀ ਕਮੇਟੀ ਬਣਾਈ ਗਈ ਹੈ। ਜਿਸ ਕਾਰਨ ਪੂਰੇ ਹਰਿਆਣਾ ਦੀ ਸਿੱਖ ਸੰਗਤ ਵਿੱਚ ਖੁਸ਼ੀ ਦੀ ਲਹਿਰ ਹੈ। ਉਨ੍ਹਾਂ ਦੱਸਿਆ ਕਿ ਮੀਟਿੰਗ ਵਿੱਚ 33 ਮੈਂਬਰਾਂ ਨੇ ਕਮੇਟੀ ਦੇ ਸੀਨੀਅਰ ਮੈਂਬਰ ਅਮਰਿੰਦਰ ਸਿੰਘ ਅਰੋੜਾ ਨੂੰ ਕਮੇਟੀ ਦਾ ਚੇਅਰਮੈਨ ਚੁਣਨ ਦੇ ਅਧਿਕਾਰ ਦਿੱਤੇ। ਅਰੋੜਾ ਨੇ ਪ੍ਰਧਾਨ ਦੇ ਅਹੁਦੇ ਲਈ ਉਨ੍ਹਾਂ ਦਾ ਨਾਂ ਚੁਣਿਆ। ਝੀਂਡਾ ਨੇ ਕਿਹਾ ਕਿ ਬਲਜੀਤ ਸਿੰਘ ਦਾਦੂਵਾਲ ਹੁਣ ਐਚਐਸਜੀਪੀਸੀ ਦੇ ਮੁਖੀ ਨਹੀਂ ਰਹੇ।”