ਏ.ਡੀ.ਸੀ. ਗੁਰਪ੍ਰੀਤ ਸਿੰਘ ਥਿੰਦ ਨੇ ਵੋਟਰ ਸੂਚੀਆਂ ਤੇ ਸੀ.ਡੀਜ਼ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ
ਪਟਿਆਲਾ, 5 ਜਨਵਰੀ(ਵਿਸ਼ਵ ਵਾਰਤਾ)- ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਬਾਅਦ ਯੋਗਤਾ ਮਿਤੀ 1 ਜਨਵਰੀ 2023 ਦੇ ਅਧਾਰ ‘ਤੇ ਅੰਤਿਮ ਪ੍ਰਕਾਸ਼ਨਾ ਬਾਅਦ ਵੋਟਰ ਸੂਚੀਆਂ ਅਤੇ ਵੋਟਾਂ ਦੀਆਂ ਦੀਆਂ ਸੀ.ਡੀਜ਼ ਅੱਜ ਪਟਿਆਲਾ ਦੇ ਵਧੀਕ ਡਿਪਟੀ ਕਮਿਸ਼ਨਰ (ਜ) ਗੁਰਪ੍ਰੀਤ ਸਿੰਘ ਥਿੰਦ ਨੇ ਜ਼ਿਲ੍ਹੇ ‘ਚ ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਨੂੰ ਸੌਂਪੀਆਂ।
ਏ.ਡੀ.ਸੀ. ਥਿੰਦ ਨੇ ਇਸ ਮੌਕੇ ਦੱਸਿਆ ਕਿ ਇਸ ਸਰਸਰੀ ਸੁਧਾਈ ਦੌਰਾਨ ਨਵੀਆਂ ਬਣੀਆਂ ਵੋਟਾਂ, ਕੱਟੀਆਂ ਗਈਆਂ ਵੋਟਾਂ ਅਤੇ ਸੁਧਾਈ ਬਾਅਦ ਜ਼ਿਲ੍ਹੇ ਦੇ ਅੱਠ ਵਿਧਾਨ ਸਭਾ ਹਲਕਿਆਂ ਨਾਭਾ, ਪਟਿਆਲਾ ਦਿਹਾਤੀ, ਰਾਜਪੁਰਾ, ਘਨੌਰ, ਸਨੌਰ, ਪਟਿਆਲਾ, ਸਮਾਣਾ ਅਤੇ ਸ਼ੁਤਰਾਣਾ ਵਿੱਚ ਹੁਣ ਕੁਲ ਵੋਟਰਾਂ ਦੀ ਗਿਣਤੀ 14 ਲੱਖ 98 ਹਜ਼ਾਰ 983 ਹੈ। ਇਨ੍ਹਾਂ ਵਿੱਚ 7 ਲੱਖ 83 ਹਜ਼ਾਰ 702 ਮਰਦ, 7 ਲੱਖ 15 ਹਜ਼ਾਰ 215 ਮਹਿਲਾ ਅਤੇ 66 ਟਰਾਂਸਜੈਂਡਰ ਵੋਟਰ ਹਨ। ਇਸ ਤੋਂ ਪਹਿਲਾਂ (09 ਨਵੰਬਰ 2022 ਨੂੰ) ਕੁਲ ਵੋਟਰ 1513582, ਜਿਨ੍ਹਾਂ ‘ਚ ਮਰਦ ਵੋਟਰ 790805 ਅਤੇ ਮਹਿਲਾ ਵੋਟਰ 722714 ਅਤੇ 63 ਟਰਾਂਸਜੈਂਡਰ ਵੋਟਰ ਸਨ।
ਗੁਰਪ੍ਰੀਤ ਸਿੰਘ ਥਿੰਦ ਨੇ ਦੱਸਿਆ ਕਿ ਭਾਰਤ ਚੋਣ ਕਮਿਸ਼ਨ ਨੇ 18 ਸਾਲ ਦੀ ਉਮਰ ਪੂਰੀ ਕਰਨ ਵਾਲੇ ਨਵੇਂ ਵੋਟਰਾਂ ਲਈ ਸਾਲ ਵਿੱਚ ਹੁਣ ਚਾਰ ਵਾਰ ਆਪਣੀ ਵੋਟ ਬਣਵਾਉਣ ਦੇ ਮੌਕੇ ਪ੍ਰਦਾਨ ਕੀਤੇ ਹਨ ਅਤੇ ਉਹ ਹਰ ਸਾਲ 1 ਜਨਵਰੀ, 1 ਅਪ੍ਰੈਲ, 1 ਅਗਸਤ ਅਤੇ 1 ਸਤੰਬਰ ਦੀ ਯੋਗਤਾ ਮਿਤੀ ਦੇ ਅਧਾਰ ‘ਤੇ ਆਪਣੀ ਵੋਟ ਬਣਵਾ ਸਕਣਗੇ।
ਇਸ ਮੌਕੇ ਏ.ਡੀ.ਸੀ. ਨੇ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਰਾਜਿੰਦਰ ਮੋਹਨ, ਕਾਂਗਰਸ ਪਾਰਟੀ ਦੇ ਮਹਿੰਦਰ ਸਿੰਘ, ਸ੍ਰੋਮਣੀ ਅਕਾਲੀ ਦਲ ਦੇ ਭੋਲਾ ਸਿੰਘ ਅਤੇ ਬਹੁਜਨ ਸਮਾਜ ਪਾਰਟੀ ਸੁਰਿੰਦਰ ਕੁਮਾਰ ਨੂੰ ਵੋਟਰ ਸੂਚੀਆਂ ਦੀ ਸਰਸਰੀ ਸੁਧਾਈ ਦੇ ਬਾਅਦ ਸੀ.ਡੀਜ਼ ਅਤੇ ਵੋਟਰ ਸੂਚੀਆਂ ਪ੍ਰਦਾਨ ਕੀਤੀਆਂ। ਇਸ ਮੌਕੇ ਚੋਣ ਤਹਿਸੀਲਦਾਰ ਰਾਮਜੀ ਲਾਲ ਵੀ ਮੌਜੂਦ ਸਨ।