ਏਐੱਸਆਈ ਦੀ ਗੋਲੀਬਾਰੀ ਵਿੱਚ ਜਖ਼ਮੀ ਹੋਏ ਓਡੀਸ਼ਾ ਦੇ ਸਿਹਤ ਮੰਤਰੀ ਦੀ ਇਲਾਜ ਦੌਰਾਨ ਮੌਤ
ਚੰਡੀਗੜ੍ਹ 29 ਜਨਵਰੀ(ਵਿਸ਼ਵ ਵਾਰਤਾ ਬਿਊਰੋ)- ਏਐਸਆਈ ਵੱਲੋਂ ਗੋਲੀਆਂ ਮਾਰੇ ਜਾਣ ਤੋਂ ਬਾਅਦ ਜਖ਼ਮੀ ਹੋਏ ਓਡੀਸ਼ਾ ਦੇ ਸਿਹਤ ਮੰਤਰੀ ਨਬ ਕਿਸ਼ੋਰ ਦਾਸ ਨੇ ਅੱਜ ਸ਼ਾਮ ਇਲਾਜ ਦੌਰਾਨ ਦਮ ਤੋੜ ਦਿੱਤਾ। ਦੱਸ ਦਈਏ ਕਿ ਅੱਜ ਦੁਪਹਿਰ 1 ਵਜੇ ਦੇ ਕਰੀਬ ਝਾਰਸੁਗੁੜਾ ਦੇ ਬ੍ਰਜਰਾਜਨਗਰ ਵਿੱਚ ਇੱਕ ਏਐਸਆਈ ਨੇ ਉਹਨਾਂ ਤੇ ਗੋਲੀਆਂ ਚਲਾ ਦਿੱਤੀਆਂ ਸਨ। ਦਾਸ ਦੀ ਛਾਤੀ ਵਿੱਚ ਦੋ ਗੋਲੀਆਂ ਲੱਗੀਆਂ ਸਨ, ਜਿਸ ਤੋਂ ਬਾਅਦ ਉਹਨਾਂ ਨੂੰ ਇਲਾਜ ਲਈ ਭੁਵਨੇਸ਼ਵਰ ਦੇ ਅਪੋਲੋ ਹਸਪਤਾਲ ਵਿੱਚ ਏਅਰਲਿਫਟ ਕੀਤਾ ਗਿਆ ਸੀ। ਘਟਨਾ ਦੇ ਕਰੀਬ 7 ਘੰਟੇ ਬਾਅਦ ਦਾਸ ਦੀ ਮੌਤ ਹੋ ਗਈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਨਵੀਨ ਪਟਨਾਇਕ ਵੀ ਦਾਸ ਨੂੰ ਮਿਲਣ ਹਸਪਤਾਲ ਪੁੱਜੇ ਸਨ।
ਦੂਜੇ ਪਾਸੇ ਪੁਲਿਸ ਨੇ ਫਾਇਰਿੰਗ ਕਰਨ ਵਾਲੇ ਏਐਸਆਈ ਗੋਪਾਲਦਾਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਪਰ ਅਜੇ ਤੱਕ ਮੁਲਜ਼ਮ ਨੇ ਹਮਲੇ ਦਾ ਕਾਰਨ ਨਹੀਂ ਦੱਸਿਆ ਹੈ।