ਏਆਈਜੀ ਨੂੰ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ਦੀ ਅਦਾਲਤ ‘ਚ ਪੇਸ਼ੀ ਅੱਜ
ਚੰਡੀਗੜ੍ਹ 19 ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਪੁਲਿਸ ਦੇ ਏਆਈਜੀ ਮਨਮੋਹਨ ਕੁਮਾਰ ਨੂੰ 50 ਲੱਖ ਰੁਪਏ ਦੀ ਰਿਸ਼ਵਤ ਦੇਣ ਦੇ ਮਾਮਲੇ ਵਿੱਚ ਫਸੇ ਸਾਬਕਾ ਉਦਯੋਗ ਮੰਤਰੀ ਸੁੰਦਰ ਸ਼ਾਮ ਅਰੋੜਾ ਨੂੰ ਪੁਲਿਸ ਅੱਜ ਮੋਹਾਲੀ ਦੀ ਇੱਕ ਅਦਾਲਤ ਵਿੱਚ ਪੇਸ਼ ਕਰੇਗੀ। ਪੁੱਛਗਿੱਛ ਅਧੂਰੀ ਰਹਿਣ ਦੇ ਮਾਮਲੇ ਵਿੱਚ ਮੰਨਿਆ ਜਾ ਰਿਹਾ ਹੈ ਕਿ ਪੰਜਾਬ ਪੁਲੀਸ ਅਰੋੜਾ ਦੇ ਰਿਮਾਂਡ ਵਿੱਚ ਵਾਧਾ ਕਰ ਸਕਦੀ ਹੈ। ਹੋਰ ਜਾਣਕਾਰੀ ਅਨੁਸਾਰ ਪੰਜਾਬ ਪੁਲਿਸ ਵੱਲੋਂ ਅਰੋੜਾ ਦਾ 5 ਦਿਨ ਦਾ ਰਿਮਾਂਡ ਮੰਗਿਆ ਜਾ ਸਕਦਾ ਹੈ। ਇਸ ਤੋਂ ਪਹਿਲਾਂ ਅਦਾਲਤ ਨੇ ਅਰੋੜਾ ਨੂੰ ਤਿੰਨ ਦਿਨ ਦੇ ਰਿਮਾਂਡ ‘ਤੇ ਭੇਜ ਦਿੱਤਾ ਸੀ ਤਾਂ ਜੋ ਜ਼ਬਤ ਕੀਤੇ ਗਏ 50 ਲੱਖ ਰੁਪਏ ਅਤੇ ਹੋਰ ਪਹਿਲੂਆਂ ਸਬੰਧੀ ਜਾਂਚ ਕੀਤੀ ਜਾ ਸਕੇ।
ਸਾਬਕਾ ਮੰਤਰੀ ਸੁੰਦਰ ਸ਼ਾਮ ਅਰੋੜਾ ‘ਤੇ ਉਦਯੋਗ ਮੰਤਰੀ ਵਜੋਂ ਟ੍ਰਾਈਸਿਟੀ ਦੇ ਬਿਲਡਰਾਂ ਨੂੰ ਮੋਹਾਲੀ ਵਿੱਚ ਜੇਸੀਟੀ ਅਤੇ ਫਿਲਿਪਸ ਕੰਪਨੀ ਦੇ ਪਲਾਟ ਅਲਾਟ ਕਰਨ ਵਿੱਚ ਨਿਯਮਾਂ ਨੂੰ ਛਿੱਕੇ ਟੰਗਣ ਦਾ ਦੋਸ਼ ਹੈ। ਵਿਜੀਲੈਂਸ ਨੇ ਅਰੋੜਾ ਨੂੰ ਪਲਾਟ ਅਲਾਟਮੈਂਟ ਸਬੰਧੀ ਕੁਝ ਸਵਾਲ ਪੁੱਛੇ ਸਨ, ਜਿਨ੍ਹਾਂ ਦਾ ਉਹ ਜਵਾਬ ਨਹੀਂ ਦੇ ਸਕੇ।