ਉੱਤਰੀ ਭਾਰਤ ਵਿੱਚ ਸੀਤ ਲਹਿਰ ਜਾਰੀ, ਸ਼ਿਮਲਾ-ਮਸੂਰੀ ਤੋਂ ਵੀ ਠੰਢੇ ਰਹੇ ਕਈ ਸ਼ਹਿਰ
ਚੰਡੀਗੜ੍ਹ 7 ਜਨਵਰੀ(ਵਿਸ਼ਵ ਵਾਰਤਾ)-ਦੇਸ਼ ਭਰ ‘ਚ ਸੀਤ ਲਹਿਰ ਜਾਰੀ ਹੈ। ਮਾਈਨਸ ਤਾਪਮਾਨ ਵਾਲੇ ਪਹਾੜੀ ਖੇਤਰਾਂ ਨੂੰ ਛੱਡ ਕੇ ਦੇਸ਼ ਦੇ 10 ਸ਼ਹਿਰਾਂ ਵਿੱਚ ਪਿਛਲੇ 24 ਘੰਟਿਆਂ ਦੌਰਾਨ ਘੱਟੋ-ਘੱਟ ਤਾਪਮਾਨ 5 ਡਿਗਰੀ ਸੈਲਸੀਅਸ ਤੋਂ ਘੱਟ ਦਰਜ ਕੀਤਾ ਗਿਆ। ਦਿੱਲੀ 2.2°C, ਸੀਕਰ 3°C, ਸ਼ਿਮਲਾ 3°C, ਚੁਰੂ 4°C, ਕਾਨਪੁਰ 4°C, ਜੰਮੂ 4°C, ਗਵਾਲੀਅਰ 4°C, ਜੈਪੁਰ 5°C, ਬਠਿੰਡਾ 5°C ਅਤੇ ਗਯਾ 5°C ਦਰਜ ਕੀਤਾ ਗਿਆ।
ਦੂਜੇ ਪਾਸੇ ਰਾਜਧਾਨੀ ਦਿੱਲੀ ਸ਼ਿਮਲਾ ਅਤੇ ਮਸੂਰੀ ਨਾਲੋਂ ਵੀ ਠੰਢਾ ਰਿਹਾ। ਅਯਾਨਗਰ ਵਿੱਚ ਘੱਟੋ-ਘੱਟ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਸ਼ਿਮਲਾ ਵਿੱਚ ਇਹ 3.7, ਮਸੂਰੀ ਵਿੱਚ 4.4 ਸੀ। ਦਿੱਲੀ ‘ਚ ਸ਼ੁੱਕਰਵਾਰ ਸ਼ਾਮ ਤੋਂ ਸ਼ਨੀਵਾਰ ਸਵੇਰ ਤੱਕ ਧੁੰਦ ਕਾਰਨ 100 ਉਡਾਣਾਂ ‘ਚ ਦੇਰੀ ਹੋਈ ਹੈ।
ਆਈਐਮਡੀ ਮੁਤਾਬਕ ਪੱਛਮੀ ਗੜਬੜੀ ਦਾ ਅਸਰ ਪਹਾੜੀ ਖੇਤਰਾਂ ਵਿੱਚ ਦੇਖਣ ਨੂੰ ਮਿਲੇਗਾ। ਜੰਮੂ, ਹਿਮਾਚਲ ਅਤੇ ਉੱਤਰਾਖੰਡ ਵਿੱਚ ਅੱਜ ਬਰਫ਼ਬਾਰੀ ਅਤੇ ਹਲਕੀ ਬਾਰਿਸ਼ ਹੋ ਸਕਦੀ ਹੈ। ਹਿਮਾਲਿਆ ‘ਚ 10 ਜਨਵਰੀ ਨੂੰ ਸਭ ਤੋਂ ਵੱਧ ਬਰਫ਼ਬਾਰੀ ਹੋਣ ਦੀ ਸੰਭਾਵਨਾ ਹੈ। ਯੂਪੀ ਅਤੇ ਰਾਜਸਥਾਨ ਵਿੱਚ 13 ਜਨਵਰੀ ਤੱਕ ਚੰਗੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ 14 ਜਨਵਰੀ ਤੋਂ ਸੂਬੇ ਦੇ ਕਈ ਇਲਾਕਿਆਂ ‘ਚ ਤਾਪਮਾਨ ‘ਚ ਗਿਰਾਵਟ ਆਵੇਗੀ। ਠੰਡੀਆਂ ਹਵਾਵਾਂ ਦੇ ਆਉਣ ਨਾਲ ਸਰਦੀ ਹੋਰ ਵਧ ਜਾਵੇਗੀ।