ਉੱਤਰੀ ਕੋਰੀਆ ਦੇ ਕੂੜੇ ਦੇ ਗੁਬਾਰਿਆਂ ਤੋਂ ਪਰੇਸ਼ਾਨ ਦੱਖਣੀ ਕੋਰੀਆ, ਸਿਓਲ ਦਾ ਹਵਾਈ ਅੱਡਾ ਬੰਦ
ਨਵੀਂ ਦਿੱਲੀ, 26ਜੂਨ (ਵਿਸ਼ਵ ਵਾਰਤਾ): ਦੱਖਣੀ ਕੋਰੀਆ ਉੱਤਰੀ ਕੋਰੀਆ ਦੇ ਕੂੜੇ ਦੇ ਗੁਬਾਰਿਆਂ ਤੋਂ ਪ੍ਰੇਸ਼ਾਨ ਹੈ। ਗੁਬਾਰਿਆਂ ਕਾਰਨ ਰਾਜਧਾਨੀ ਸਿਓਲ ਦੇ ਇੰਚੀਓਨ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਹਨ। ਮੀਡੀਆ ਰਿਪੋਰਟਾਂ ਮੁਤਾਬਕ ਬੁੱਧਵਾਰ ਨੂੰ, ਪੈਸੰਜਰ ਟਰਮੀਨਲ 2 ਦੇ ਨੇੜੇ ਇੱਕ ਰਨਵੇਅ ‘ਤੇ ਇੱਕ ਗੁਬਾਰਾ ਉਤਰਿਆ ਅਤੇ ਇੰਚੀਓਨ ਦਾ ਰਨਵੇਅ 3 ਅਸਥਾਈ ਤੌਰ ‘ਤੇ ਬੰਦ ਕਰ ਦਿੱਤਾ ਗਿਆ ਸੀ। ਗੁਬਾਰਿਆਂ ਕਾਰਨ ਏਅਰਪੋਰਟ ਤੋਂ ਟੇਕ-ਆਫ ਅਤੇ ਲੈਂਡਿੰਗ ਕਰੀਬ 3 ਘੰਟੇ ਪ੍ਰਭਾਵਿਤ ਰਹੀ। ਰਿਪੋਰਟਾਂ ਮੁਤਾਬਕ ਹਵਾਈ ਅੱਡੇ ਦੇ ਅੰਦਰ ਅਤੇ ਆਲੇ-ਦੁਆਲੇ ਕਈ ਗੁਬਾਰੇ ਉੱਡਦੇ ਦੇਖੇ ਗਏ। ਦੁਪਹਿਰ ਨੂੰ ਜ਼ਿਆਦਾਤਰ ਉਡਾਣਾਂ ਵਿਚ ਵਿਘਨ ਪਿਆ। ਉਸ ਸਮੇਂ, 8 ਕਾਰਗੋ ਅਤੇ ਯਾਤਰੀ ਉਡਾਣਾਂ ਨੂੰ ਦੱਖਣੀ ਕੋਰੀਆ ਦੇ ਚੇਓਂਗਜੂ ਜਾਂ ਜੇਜੂ ਹਵਾਈ ਅੱਡਿਆਂ ਵੱਲ ਮੋੜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਚੀਨ ਦੇ ਸ਼ੰਘਾਈ ਤੋਂ ਆ ਰਹੇ ਕਾਰਗੋ ਜਹਾਜ਼ ਨੂੰ ਯਾਂਤਾਈ ਭੇਜਿਆ ਗਿਆ। ਦੱਖਣੀ ਕੋਰੀਆ ਦੀ ਫੌਜ ਨੇ ਕਿਹਾ ਕਿ ਮੰਗਲਵਾਰ ਅਤੇ ਬੁੱਧਵਾਰ ਨੂੰ ਲਗਭਗ 100 ਗੁਬਾਰੇ ਜ਼ਮੀਨ ‘ਤੇ ਉਤਰੇ ਸਨ।