ਉੜੀਸਾ ਸਰਕਾਰ ਨੇ ਲਗਾਈ ਕਾਂਵੜ ਯਾਤਰਾ ਤੇ ਰੋਕ
ਉਤਰਾਖੰਡ ਸਰਕਾਰ ਪਹਿਲਾਂ ਹੀ ਲਗਾ ਚੁੱਕੀ ਹੈ ਯਾਤਰਾ ਤੇ ਪਾਬੰਦੀ
ਚੰਡੀਗੜ੍ਹ, 14ਜੁਲਾਈ(ਵਿਸ਼ਵ ਵਾਰਤਾ)- ਹਿੰਦੂਆਂ ਦੇ ਪਵਿੱਤਰ ਮਹੀਨੇ ਸਾਵਨ ਵਿੱਚ ਉੜੀਸਾ ਦੀ ਰਾਜਧਾਨੀ ਭੁਵਨੇਸ਼ਵਰ ਸਥਿਤ ਲਿੰਗਰਾਜ ਮੰਦਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂ ਆਉਂਦੇ ਹਨ। ਇਹ ਮੰਨਿਆ ਜਾਂਦਾ ਹੈ ਕਿ ਲਿੰਗਰਾਜ ਮੰਦਰ ਵਿੱਚ ਸ਼ਿਵਲਿੰਗ ਆਪਣੇ ਆਪ ਪ੍ਰਗਟ ਹੋਏ ਸੀ। ਪਰ ਕੋਰੋਨਾ ਵਾਇਰਸ ਦੀ ਤੀਜੀ ਲਹਿਰ ਦੇ ਡਰ ਦੇ ਮੱਦੇਨਜ਼ਰ ਉੜੀਸਾ ਸਰਕਾਰ ਨੇ ਸਾਵਨ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਪਵਿੱਤਰ ‘ਬੋਲ-ਬਮ ਯਾਤਰਾ’ ਤੇ ਪਾਬੰਦੀ ਲਗਾ ਦਿੱਤੀ ਹੈ। ਇਸਦੇ ਨਾਲ ਹੀ ਸਰਕਾਰ ਨੇ ਕਾਂਵੜ ਯਾਤਰਾ ਵੀ ਮੁਲਤਵੀ ਕਰ ਦਿੱਤੀ ।
ਉੜੀਸਾ ਸਰਕਾਰ ਦੇ ਅਨੁਸਾਰ ਕਿਸੇ ਵੀ ਕਾਂਵੜੀਏ ਜਾਂ ਸ਼ਰਧਾਲੂ ਨੂੰ ਨਾ ਤਾਂ ਧਾਰਮਿਕ ਸਥਾਨ ਤੇ ਜਾਣ ਦੀ ਆਗਿਆ ਹੋਵੇਗੀ ਅਤੇ ਨਾ ਹੀ ਉਹ ਜਨਤਕ ਥਾਵਾਂ ਤੇ ਜਾ ਸਕਣਗੇ । ਇਸ ਤੋਂ ਇਲਾਵਾ ਉਹ ਕਿਸੇ ਵੀ ਮੰਦਰ ਵਿੱਚ ਜਲ ਵੀ ਨਹੀਂ ਚੜ੍ਹਾ ਸਕਣਗੇ।ਇਸ ਦੀ ਜਾਣਕਾਰੀ ਵਿਸ਼ੇਸ਼ ਰਾਹਤ ਕਮਿਸ਼ਨਰ ਪ੍ਰਦੀਪ ਜੇਨਾ ਨੇ ਮੰਗਲਵਾਰ ਨੂੰ ਦਿੱਤੀ । ਦੱਸ ਦੱਈਏ ਕਿ ਇਸ ਤੋਂ ਪਹਿਲਾਂ ਉਤਰਾਖੰਡ ਸਰਕਾਰ ਨੇ ਕਾਂਵੜ ਯਾਤਰਾ ਤੇ ਰੋਕ ਲਗਾਉਣ ਦਾ ਐਲਾਨ ਕੀਤਾ ਸੀ। ਇਸ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿੱਚ ਪ੍ਰੋਟੋਕੋਲ ਨਾਲ ਯਾਤਰਾ ਹੋ ਸਕੇਗੀ।