ਉਪ ਚੋਣ ਨਤੀਜ਼ਿਆਂ ਤੋਂ ਭਾਜਪਾ ਸਬਕ ਲਵੇ
ਖੇਤੀ ਕਾਨੂੰਨ ਤੁਰੰਤ ਰੱਦ ਕੀਤੇ ਜਾਣ : ਕਿਸਾਨ ਆਗੂ
ਚੰਡੀਗੜ੍ਹ 2 ਨਵੰਬਰ (ਵਿਸ਼ਵ ਵਾਰਤਾ);-ਉਪ-ਚੋਣਾਂ ‘ਚ ਭਾਜਪਾ ਦੀ ਹਾਰ ‘ਤੇ ਟਿੱਪਣੀ ਕਰਦਿਆਂ ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਅਤੇ ਜਨਰਲ ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਭਾਜਪਾ ਨੂੰ ਲੋਕ ਰੋਹ ਦੇ ਸੰਕੇਤ ਸਮਝ ਲੈਣੇ ਚਾਹੀਦੇ ਹਨ। ਪੰਜਾਬ ਤੋਂ ਸ਼ੁਰੂ ਹੋਇਆ ਕਿਸਾਨ-ਅੰਦੋਲਨ ਦੇਸ਼ ਭਰ ‘ਚ ਫੈਲ ਗਿਆ ਹੈ। ਦੇਸ਼ ਦੇ ਹਰ ਕੋਨੇ ‘ਚ ਭਾਜਪਾ ਆਗੂਆਂ ਦਾ ਵਿਰੋਧ ਹੋ ਰਿਹਾ ਹੈ, ਇਥੋਂ ਤੱਕ ਕਿ ਪ੍ਰਧਾਨਮੰਤਰੀ ਮੋਦੀ ਨੂੰ ਵੀ ਵਿਦੇਸ਼ਾਂ ‘ਚ ਪ੍ਰਵਾਸੀ ਭਾਰਤੀਆਂ ਦਾ ਵਿਰੋਧ ਝੱਲਣਾ ਪੈ ਰਿਹਾ ਹੈ।
ਨਤੀਜਿਆਂ ਤੋਂ ਸਬਕ ਲੈਂਦਿਆਂ ਕੇਂਦਰ-ਸਰਕਾਰ ਨੂੰ 3 ਖੇਤੀ-ਕਾਨੂੰਨ, ਪਰਾਲੀ ਆਰਡੀਨੈਂਸ ਅਤੇ ਬਿਜ਼ਲੀ ਸੋਧ ਬਿਲ ਤੁਰੰਤ ਰੱਦ ਕਰਦਿਆਂ ਫਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ(ਐਮਐਸਪੀ) ਲਈ ਕਾਨੂੰਨ ਬਣਾਉਣਾ ਚਾਹੀਦਾ ਹੈ, ਇਸੇ ‘ਚ ਕਿਸਾਨਾਂ ਅਤੇ ਦੇਸ਼ ਦੀ ਭਲਾਈ ਹੈ।