ਈ.ਟੀ.ਟੀ ਅਧਿਆਪਕ ਆਗੂ ਨੇ ਖਤਮ ਕੀਤੀ ਭੁੱਖ ਹੜਤਾਲ
ਅੱਜ ਅਧਿਆਪਕਾਂ ਦੀ ਸਿੱਖਿਆ ਮੰਤਰੀ ਨਾਲ ਹੋਵੇਗੀ ਮੀਟਿੰਗ
ਚੰਡੀਗੜ੍ਹ, 2ਜੁਲਾਈ(ਵਿਸ਼ਵ ਵਾਰਤਾ)- ਪਟਿਆਲਾ ਵਿਚ ਲੰਬੇ ਸਮੇਂ ਤੋ ਟਾਵਰ ਤੇ ਚੜ੍ਹ ਕੇ ਭੁੱਖ ਹੜਤਾਲ ਤੇ ਬੈਠੇ ਈ.ਟੀ.ਟੀ ਅਧਿਆਪਕ ਸੁਰਿੰਦਰਪਾਲ ਸਿੰਘ ਨੇ ਅੱਜ ਸਵੇਰੇ ਆਪਣੀ ਭੁੱਖ ਹੜਤਾਲ ਖਤਮ ਕਰ ਦਿੱਤੀ। ਪਿਛਲੇ ਲੰਮੇ ਸਮੇਂ ਅਧਿਆਪਕ ਆਪਣੀਆਂ ਮੰਗਾ ਮਨਵਾਉਣ ਲਈ ਸੰਘਰਸ਼ ਕਰ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਉਸਨੂੰ ਅੱਜ ਸਵੇਰੇ 6 ਵਜੇ ਦੇ ਕਰੀਬ ਜੂਸ ਪਿਲਾ ਕੇ ਮਰਨ ਵਰਤ ਸਮਾਪਤ ਕਰਵਾਇਆ ਗਿਆ। ਦੱਸਣਯੋਗ ਗੱਲ ਹੈ ਕਿ ਸੰਘਰਸ਼ ਕਰ ਰਹੇ ਈ.ਟੀ.ਟੀ ਅਧਿਆਪਕ ਯੂਨੀਅਨ ਆਗੂਆਂ ਤੇ ਜ਼ਿਲ੍ਹਾ ਪ੍ਰਸ਼ਾਸਨ ਵਿਚ ਬੀਤੇ ਦਿਨ ਸਹਿਮਤੀ ਬਣ ਗਈ ਸੀ।
ਅੱਜ ਦੁਪਹਿਰ ਨੂੰ 2 ਵਜੇ ਕੈਪਟਨ ਸੰਦੀਪ ਸੰਧੂ ਤੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਨਾਲ ਬੇਰੁਜ਼ਗਾਰ ਈਟੀਟੀ ਟੈੱਟ ਪਾਸ ਅਧਿਆਪਕਾਂ ਦੀ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ ਤੇ ਬੇਰੋਜ਼ਗਾਰ ਈ. ਟੀ. ਟੀ. ਟੈੱਟ ਪਾਸ ਅਧਿਆਪਕਾਂ ਸਬੰਧੀ ਸਰਕਾਰ ਕੋਈ ਵੱਡਾ ਫੈਸਲਾ ਲੈ ਸਕਦੀ ਹੈ। ਦੱਸ ਦੇਈਏ ਕਿ ਲਗਭਗ 12 ਦਿਨ ਭੁੱਖੇ ਪਿਆਸੇ ਰਹਿਣ ਕਾਰਨ ਸੁੰਰਿਦਰਪਾਲ ਦੀ ਹਾਲਤ ਬਹੁਤ ਨਾਜ਼ੁਕ ਬਣੀ ਹੋਈ ਸੀ। ਸੁਰਿੰਦਰਪਾਲ ਦਾ ਸ਼ੂਗਰ ਲੈਵਲ ਬਹੁਤ ਘੱਟ ਗਿਆ ਸੀ। ਸੁਰਿੰਦਰ ਪਾਲ ਦੀ ਸਥਿਤੀ ਅਜਿਹੀ ਬਣੀ ਹੋਈ ਹੈ ਕਿ ਉਸ ਨਾਲ ਕਿਸੇ ਵੀ ਸਮੇਂ ਕਿਸੇ ਵੀ ਤਰ੍ਹਾਂ ਦੀ ਦੁਰਘਟਨਾ ਵਾਪਰ ਸਕਦੀ ਸੀ।