ਕੈਪਟਨ ਵਿਰੋਧੀ ਖੇਮੇ ਨੂੰ ਹੋਰ ਖੋਰਾ
ਇੱਕ ਹੋਰ ਵਿਧਾਇਕ ਨੇ ਜਤਾਇਆ ਕੈਪਟਨ ਅਮਰਿੰਦਰ ਸਿੰਘ ਦੀ ਲੀਡਰਸ਼ਿਪ ਤੇ ਭਰੋਸਾ
ਚੰਡੀਗੜ੍ਹ,25 ਅਗਸਤ(ਵਿਸ਼ਵ ਵਾਰਤਾ) ਪੰਜਾਬ ਕਾਂਗਰਸ ਦੇ 30 ਤੋਂ ਵੱਧ ਵਿਧਾਇਕਾਂ ਦੀ ਕੈਬਨਿਟ ਮੰਤਰੀ ਤ੍ਰਿਪਤ ਰਾਜਿੰਦਰ ਬਾਜਵਾ ਦੀ ਰਿਹਾਇਸ਼ ਤੇ ਕੱਲ੍ਹ ਹੋਈ ਮੀਟਿੰਗ ਤੋਂ ਬਾਅਦ ਕਈ ਵਿਧਾਇਕਾਂ ਤੇ ਮੰਤਰੀਆਂ ਨੇ ਕੈਪਟਨ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕੇ ਸਨ । ਇਸ ਤੋਂ ਬਾਅਦ ਚਾਰ ਮੰਤਰੀਆਂ ਨੇ ਕਾਂਗਰਸ ਹਾਈਕਮਾਨ ਨੂੰ ਮਿਲ ਕੇ ਮਸਲੇ ਹੱਲ ਕਰਵਾਉਣ ਦੀ ਗੱਲ ਕਹੀ ਸੀ।
ਇਸ ਤੋਂ ਬਾਅਦ ਸ਼ਾਮ ਨੂੰ ਕਾਂਗਰਸ ਦੇ 7 ਵਿਧਾਇਕਾਂ ਨੇ ਬਾਕਾਇਦਾ ਕਿਹਾ ਸੀ ਕਿ ਉਹਨਾਂ ਨੂੰ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਤੇ ਭਰੋਸਾ ਹੈ। ਹੁਣ ਸਤਿਕਾਰ ਕੌਰ ਗਹਿਰੀ,ਐਮਐਲਏ ਹਲਕਾ ਫਿਰੋਜਪੁਰ ਦਿਹਾਤੀ ਨੇ ਵੀ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਹੈ ਕਿ ਉਹਨਾਂ ਨੂੰ ਮੀਟਿੰਗ ਵਿੱਚ ਸ਼ਾਮਿਲ ਹੋਣ ਲਈ ਜੋ ਸੂਚਨਾਂ ਦਿੱਤੀ ਗਈ ਸੀ ,ਉਸ ਵਿੱਚ ਕੈਪਟਨ ਅਮਰਿੰਦਰ ਸਿੰਘ ਖਿਲਾਫ ਕੋਈ ਜਿਕਰ ਨਹੀਂ ਸੀ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਹੈ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜਾਰੀ ਤੇ ਭਰੋਸਾ ਕਰਦੇ ਹਨ ਅਤੇ ਉਹਨਾਂ ਦੀ ਅਗਵਾਈ ਵਿੱਚ ਹੀ ਕੰਮ ਕਰਨਗੇ।