ਇੱਕ ਵਾਰ ਫਿਰ ਮਹਿੰਗੇ ਹੋਣਗੇ ਲੋਨ !
ਆਰਬੀਆਈ ਵਿਆਜ ਦਰਾਂ ਵਿੱਚ ਕਰ ਸਕਦਾ ਹੈ ਵਾਧਾ
ਚੰਡੀਗੜ੍ਹ, 8ਫਰਵਰੀ(ਵਿਸ਼ਵ ਵਾਰਤਾ)- ਮਹਿੰਗਾਈ ਤੋਂ ਚਿੰਤਤ ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਰੈਪੋ ਰੇਟ ‘ਚ 0.25 ਫੀਸਦੀ ਦਾ ਵਾਧਾ ਕਰ ਸਕਦਾ ਹੈ। ਇਸ ਨਾਲ ਰੈਪੋ ਰੇਟ 6.25% ਤੋਂ ਵਧਾ ਕੇ 6.50% ਹੋ ਜਾਵੇਗਾ। ਯਾਨੀ ਹੋਮ ਲੋਨ ਤੋਂ ਲੈ ਕੇ ਆਟੋ ਅਤੇ ਪਰਸਨਲ ਲੋਨ ਤੱਕ ਸਭ ਕੁਝ ਮਹਿੰਗਾ ਹੋ ਜਾਵੇਗਾ ਅਤੇ ਤੁਹਾਨੂੰ ਜ਼ਿਆਦਾ EMI ਦਾ ਭੁਗਤਾਨ ਕਰਨਾ ਹੋਵੇਗਾ। ਮੰਤਰੀ ਨਿਰਮਲਾ ਸੀਤਾਰਮਨ ਵੱਲੋਂ 1 ਫਰਵਰੀ ਨੂੰ ਬਜਟ ਪੇਸ਼ ਕੀਤੇ ਜਾਣ ਤੋਂ ਬਾਅਦ MPC ਦੀ ਇਹ ਪਹਿਲੀ ਮੀਟਿੰਗ ਹੋਈ। ਦੱਸ ਦਈਏ ਕਿ ਵਿਆਜ ਦਰਾਂ ‘ਤੇ ਫੈਸਲਾ ਲੈਣ ਲਈ 6 ਫਰਵਰੀ ਤੋਂ ਮੁਦਰਾ ਨੀਤੀ ਕਮੇਟੀ ਦੀ ਬੈਠਕ ਚੱਲ ਰਹੀ ਸੀ। RBI ਦੇ ਗਵਰਨਰ ਸ਼ਕਤੀਕਾਂਤ ਦਾਸ ਅੱਜ (ਬੁੱਧਵਾਰ) ਨੂੰ ਪ੍ਰੈੱਸ ਕਾਨਫਰੰਸ ‘ਚ ਵਿਆਜ ਦਰਾਂ ਨਾਲ ਜੁੜੀ ਘੋਸ਼ਣਾ ਕਰਨਗੇ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਦਸੰਬਰ ‘ਚ ਹੋਈ ਬੈਠਕ ‘ਚ ਵਿਆਜ ਦਰਾਂ 5.90 ਫੀਸਦੀ ਤੋਂ ਵਧਾ ਕੇ 6.25 ਫੀਸਦੀ ਕੀਤੀਆਂ ਗਈਆਂ ਸਨ।