ਇਜ਼ਰਾਇਲ ਦਾ ਲੇਬਨਾਨ ਦੇ ਬੈਰੂਤ ‘ਤੇ ਹਵਾਈ ਹਮਲਾ ; ਵੱਡਾ ਜਾਨੀ ਨੁਕਸਾਨ
ਨਵੀਂ ਦਿੱਲੀ, 11ਅਕਤੂਬਰ (ਵਿਸ਼ਵ ਵਾਰਤਾ): ਇਜ਼ਰਾਈਲ ਨੇ ਵੀਰਵਾਰ ਨੂੰ ਲੇਬਨਾਨ ਦੀ ਰਾਜਧਾਨੀ ਬੇਰੂਤ ‘ਚ ਇਕ ਇਮਾਰਤ ‘ਤੇ ਹਵਾਈ ਹਮਲੇ ਕੀਤੇ। ਲੇਬਨਾਨ ਦੇ ਸਿਹਤ ਮੰਤਰਾਲੇ ਨੇ ਕਿਹਾ ਕਿ ਹਮਲੇ ‘ਚ 22 ਲੋਕਾਂ ਦੀ ਮੌਤ ਹੋ ਗਈ, ਜਦਕਿ 177 ਲੋਕ ਜ਼ਖਮੀ ਹੋ ਗਏ ਹਨ। ਇਜ਼ਰਾਈਲ ਨੇ ਅਜੇ ਤੱਕ ਹਮਲੇ ‘ਤੇ ਕੋਈ ਬਿਆਨ ਜਾਰੀ ਨਹੀਂ ਕੀਤਾ ਹੈ। ਮੀਡੀਆ ਰਿਪੋਰਟਾਂ ਮੁਤਾਬਕ ਹਮਲੇ ‘ਚ ਹਿਜ਼ਬੁੱਲਾ ਦੇ ਸੀਨੀਅਰ ਮੈਂਬਰ ਅਤੇ ਕੋਆਰਡੀਨੇਸ਼ਨ ਯੂਨਿਟ ਦੇ ਮੁਖੀ ਵਫੀਕ ਸਫਾ ਨੂੰ ਨਿਸ਼ਾਨਾ ਬਣਾਇਆ ਗਿਆ ਹੈ। ਹਾਲਾਂਕਿ, ਉਹ ਹਮਲਿਆਂ ਦੌਰਾਨ ਭੱਜਣ ਵਿੱਚ ਕਾਮਯਾਬ ਹੋ ਗਿਆ। ਮੱਧ ਬੇਰੂਤ ਵਿੱਚ ਇਜ਼ਰਾਈਲ ਦਾ ਇਹ ਹੁਣ ਤੱਕ ਦਾ ਸਭ ਤੋਂ ਵੱਡਾ ਹਵਾਈ ਹਮਲਾ ਹੈ। ਇਸ ਹਮਲੇ ਤੋਂ ਕੁਝ ਘੰਟੇ ਪਹਿਲਾਂ ਇਜ਼ਰਾਈਲੀ ਟੈਂਕਾਂ ਨੇ ਦੱਖਣੀ ਲੇਬਨਾਨ ਵਿਚ ਸੰਯੁਕਤ ਰਾਸ਼ਟਰ ਦੀ ਇਕ ਇਮਾਰਤ ‘ਤੇ ਹਮਲਾ ਕੀਤਾ ਸੀ। ਇਸ ਹਮਲੇ ‘ਚ ਸੰਯੁਕਤ ਰਾਸ਼ਟਰ ਪੀਸਕੀਪਿੰਗ ਫੋਰਸ (UNIFIL) ਦੇ ਦੋ ਮੈਂਬਰ ਜ਼ਖਮੀ ਹੋ ਗਏ ਸਨ। ਇਹ ਦੋਵੇਂ ਇੰਡੋਨੇਸ਼ੀਆ ਦੇ ਨਾਗਰਿਕ ਹਨ।