ਇਸ ਮਹੀਨੇ ਹੋ ਸਕਦਾ ਹੈ ‘ਮਾਨ ਮੰਤਰੀ ਮੰਡਲ’ ਦਾ ਵਿਸਥਾਰ
ਪੜ੍ਹੋ ਮੰਤਰੀ ਬਣਨ ਦੀ ਦੌੜ ਵਿੱਚ ਕਿਹੜੇ ਕਿਹੜੇ ਨਾਮ ਸ਼ਾਮਿਲ
ਚੰਡੀਗੜ੍ਹ,2 ਜੁਲਾਈ(ਵਿਸ਼ਵ ਵਾਰਤਾ)- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੀਤੇ ਕੱਲ੍ਹ ਦਿੱਲੀ ਦੌਰੇ ਤੇ ਸਨ। ਇਸ ਦੌਰਾਨ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਹਾਲਾਂਕਿ ਮੁਲਾਕਾਤ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਉਹਨਾਂ ਦੀ ਗੱਲਬਾਤ ਸਿਰਫ ਪਾਰਟੀ ਦੇ ਅੰਦਰੂਨੀ ਮਸਲਿਆਂ ਅਤੇ ਸੰਗਰੂਰ ਚੋਣਾਂ ਨੂੰ ਲੈ ਕੇ ਹੋਈ ਹੈ ਪਰ,ਮੁਲਾਕਾਤ ਤੋਂ ਬਾਅਦ ਇਹ ਚਰਚਾਵਾਂ ਜੋਰਾਂ ਤੇ ਹਨ ਕਿ ਜਲਦ ਹੀ ਪੰਜਾਬ ਵਜ਼ਾਰਤ ਦਾ ਵਿਸਥਾਰ ਹੋ ਸਕਦਾ ਹੈ।
ਪੰਜਾਬ ਮੰਤਰੀ ਮੰਡਲ ਦੀ ਗੱਲ ਕੀਤੀ ਜਾਵੇ ਤਾਂ ਮੌਜੂਦਾ ਸਮੇਂ ਵਿੱਚ ਮੁੱਖ ਮੰਤਰੀ ਨੂੰ ਮਿਲਾ ਕੇ ਕੁੱਲ੍ਹ 18 ਮੰਤਰੀ ਬਣਾਏ ਜਾ ਸਕਦੇ ਹਨ। ਆਪ ਸਰਕਾਰ ਨੇ ਪਹਿਲਾਂ ਮੁੱਖ ਮੰਤਰੀ ਸਮੇਤ 10 ਹੋਰ ਮੰਤਰੀ ਬਣਾਏ ਸਨ,ਪਰ ਸਿਹਤ ਮੰਤਰੀ ਵਿਜੇ ਸਿੰਗਲਾ ਦੀ ਬਰਖ਼ਾਸਤਗੀ ਤੋਂ ਬਾਅਦ ਮੰਤਰੀਆਂ ਦੀ ਕੁੱਲ ਗਿਣਤੀ 10 ਹੀ ਰਹਿ ਗਈ ਹੈ ਅਤੇ 8 ਦੀ ਜਗ੍ਹਾ ਖਾਲੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਮਾਨ ਸਰਕਾਰ ਇਸ ਸਮੇਂ 5 ਨਵੇਂ ਮੰਤਰੀ ਬਣਾ ਕੇ 3 ਸੀਟਾਂ ਖਾਲੀ ਰੱਖੇਣ ਦੀ ਤਿਆਰੀ ਵਿੱਚ ਹੈ। ਨਵੀਂ ਮੰਤਰੀ ਮੰਡਲ ਵਿੱਚ ਦੂਜੀ ਵਾਰ ਜਿੱਤ ਕੇ ਵਿਧਾਨ ਸਭਾ ਪਹੁੰਚਣ ਵਾਲਿਆਂ ਨੂੰ ਜਗ੍ਹਾ ਮਿਲ ਸਕਦੀ ਹੈ। ਇਸ ਨੂੰ ਲੈ ਕੇ ਅਮਨ ਅਰੋੜਾ, ਪ੍ਰੋਫੈਸਰ ਬਲਜਿੰਦਰ ਕੌਰ, ਸਰਵਜੀਤ ਕੌਰ ਮਾਣੂੰਕੇ ਅਤੇ ਪ੍ਰਿੰਸੀਪਲ ਬੁੱਧ ਰਾਮ ਦੇ ਨਾਮ ਚਰਚਾ ਵਿੱਚ ਹਨ। ਇਸ ਦੇ ਨਾਲ ਹੀ ਇਹ ਵੀ ਚਰਚਾਵਾਂ ਹਨ ਕਿ ਮਾਨ ਸਰਕਾਰ ਵਿੱਚ ਮਾਝੇ ਖਾਸਕਰ ਅੰਮ੍ਰਿਤਸਰ ਨਾਲ ਸੰਬੰਧਿਤ ਕਿਸੇ ਵਿਧਾਇਕ ਨੂੰ ਵੀ ਜਗ੍ਹਾ ਮਿਲ ਸਕਦੀ ਹੈ। ਇਸ ਦੇ ਨਾਲ ਹੀ ਇਹ ਵੀ ਜਿਕਰ ਬਣਨਾ ਹੈ ਕਿ ਮੌਜੂਦਾ ਮੰਤਰੀ ਮੰਡਲ ਵਿੱਚ ਸਿਰਫ ਇਕ ਹੀ ਮਹਿਲਾ ਮੰਤਰੀ ਡਾ.ਬਲਜੀਤ ਕੌਰ ਹੈ,ਆਪ ਸਰਕਾਰ ਮੰਤਰੀ ਮੰਡਲ ਵਿੱਚ ਮਹਿਲਾਵਾਂ ਦੀ ਗਿਣਤੀ ਵਿੱਚ ਵੀ ਵਾਧਾ ਹੋ ਸਕਦਾ ਹੈ। ਦੱਸ ਦਈਏ ਕਿ ਦੂਜੀ ਵਾਰ ਵਿਧਾਇਕ ਬਣਨ ਵਾਲਿਆਂ ਵਿੱਚੋਂ ਕੁਲਤਾਰ ਸੰਧਵਾ ਵਿਧਾਨ ਸਭਾ ਦੇ ਸਪੀਕਰ ਅਤੇ ਜੈ ਕਿਸ਼ਨ ਰੌੜੀ ਡਿਪਟੀ ਸਪੀਕਰ ਬਣਾਏ ਜਾ ਚੁੱਕੇ ਹਨ। ਇਸ ਦੇ ਨਾਲ ਹੀ ਮੀਤ ਹੇਅਰ ਅਤੇ ਹਰਪਾਲ ਚੀਮਾ ਪਹਿਲਾਂ ਹੀ ਮੰਤਰੀ ਬਣ ਚੁੱਕੇ ਹਨ।