ਇਸਰੋ ਨੇ ਸਫਲਤਾਪੂਰਵਕ ਲਾਂਚ ਕੀਤਾ ਸਭ ਤੋਂ ਛੋਟਾ ਰਾਕੇਟ
ਚੰਡੀਗੜ੍ਹ 10 ਫਰਵਰੀ(ਵਿਸ਼ਵ ਵਾਰਤਾ ਬਿਓਰੋ)- ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣਾ ਸਭ ਤੋਂ ਛੋਟਾ ਰਾਕੇਟ SSLV-D2 ਅੱਜ ਦੂਜੀ ਕੋਸ਼ਿਸ਼ ਵਿੱਚ ਸਫਲਤਾਪੂਰਵਕ ਲਾਂਚ ਕੀਤਾ ਹੈ। ਸਮਾਲ ਸੈਟੇਲਾਈਟ ਲਾਂਚਿੰਗ ਵਹੀਕਲ ਦੀ ਲਾਂਚਿੰਗਸਵੇਰੇ 9:18 ਵਜੇ ਸ਼੍ਰੀਹਰੀਕੋਟਾ ਸਥਿਤ ਸਤੀਸ਼ ਧਵਨ ਲਾਂਚਿੰਗ ਸੈਂਟਰ ਤੋਂ ਹੋਈ। SSLV-D2 ਨੇ ਤਿੰਨ ਉਪਗ੍ਰਹਿ ਲਾਂਚ ਕੀਤੇ। SSLV ਲਾਂਚ ਕਰਨ ਦੀ ਇਹ ਦੂਜੀ ਕੋਸ਼ਿਸ਼ ਸੀ। ਇਸ ਤੋਂ ਪਹਿਲਾਂ 7 ਅਗਸਤ 2022 ਨੂੰ ਪਹਿਲੀ ਕੋਸ਼ਿਸ਼ ਅਸਫਲ ਰਹੀ ਸੀ।
SSLV ਦੁਆਰਾ ਲਾਂਚ ਕੀਤੇ ਗਏ 3 ਸੈਟੇਲਾਈਟਾਂ ਵਿੱਚ ਅਮਰੀਕਾ ਦਾ ਜੈਨਸ-1, ਚੇਨਈ ਦੇ ਸਪੇਸ ਸਟਾਰਟ-ਅੱਪ ਦਾ ਅਜ਼ਾਦੀ ਸੈਟ-2 ਅਤੇ ਇਸਰੋ ਦਾ EOS-7 ਸ਼ਾਮਲ ਹਨ। SSLV-D2 ਨੇ ਧਰਤੀ ਦੇ ਹੇਠਲੇ ਪੰਧ ਵਿੱਚ 15 ਮਿੰਟ ਲਈ ਉਡਾਣ ਭਰੀ, ਜਿਸ ਤੋਂ ਬਾਅਦ ਉਪਗ੍ਰਹਿਆਂ ਨੂੰ 450 ਕਿਲੋਮੀਟਰ ਦੂਰ ਆਰਬਿਟ ਵਿੱਚ ਛੱਡ ਦਿੱਤਾ ਗਿਆ।
ਇਸਰੋ ਦੇ ਮੁਖੀ ਸੋਮਨਾਥ ਨੇ SSLV-D2 ਦੇ ਲਾਂਚ ਤੋਂ ਬਾਅਦ ਕਿਹਾ, “ਹੁਣ ਸਾਡੇ ਕੋਲ ਇੱਕ ਨਵਾਂ ਲਾਂਚ ਵਾਹਨ ਹੈ। SSLV-D2 ਨੇ ਦੂਜੀ ਕੋਸ਼ਿਸ਼ ਵਿੱਚ ਉਪਗ੍ਰਹਿਆਂ ਨੂੰ ਸਫਲਤਾਪੂਰਵਕ ਆਰਬਿਟ ਵਿੱਚ ਛੱਡ ਦਿੱਤਾ ਹੈ। ਤਿੰਨੋਂ ਸੈਟੇਲਾਈਟ ਟੀਮਾਂ ਨੂੰ ਵਧਾਈ।”