ਇਪਟਾ ਵੱਲੋਂ ਅਜ਼ਾਦੀ ਦੀ 75 ਵੀਂ ਵਰ੍ਹੇ ਗੰਢ ਨੂੰ ਸਮਰਪਿਤ ‘ਢਾਈ ਅੱਖਰ ਪ੍ਰੇਮ’ ਸਭਿਆਚਾਰਕ ਸਮਾਗਮ ਅੰਮ੍ਰਿਤਸਰ ਵਿਖੇ 14 ਅਪ੍ਰੈਲ ਨੂੰ
ਚੰਡੀਗੜ੍ਹ, 8ਅਪ੍ਰੈਲ(ਵਿਸ਼ਵ ਵਾਰਤਾ) ਇਪਟਾ ਵੱਲੋਂ ਦੇਸ ਭਰ ਵਿਚ ਅਜ਼ਾਦੀ ਦੀ 75ਵੀਂ ਵਰ੍ਹੇ ਗੰਢ ਨੂੰ ਸਮਰਪਿਤ ਆਪਸੀ ਪ੍ਰੇਮ ਭਾਵ, ਭਾਈਚਾਰਾ ਤੇ ਮਿਲਵਰਣ ਦੀ ਕਾਇਮੀ ਲਈ ‘ਢਾਈ ਅੱਖਰ ਪ੍ਰੇਮ’ ਸਭਿਆਚਾਰਕ ਸਮਾਗਮਾਂ ਦੀ ਲੜੀ ਵਿਚ ਇਪਟਾ, ਪੰਜਾਬ ਅਤੇ ਚੰਡੀਗੜ੍ਹ ਵੱਲੋਂ ਜਲਿਆਵਾਲ ਬਾਗ ਵਿਖੇ ਬਾਅਦ ਦੁਪਿਹਰ 12.15 ਵਜੇ ਦੇਸ ਨੂੰ ਅਜ਼ਾਦ ਕਰਾਵਉਣ ਲਈ ਆਪਾ ਕੁਰਬਾਨ ਕਰਨ ਵਾਲੇ ਸ਼ਹੀਦਾਂ ਨੂੰ ਨਮਨ ਹੋਣ ਤੋਂ ਬਾਅਦ ਦੁਪਹਿਰ 2.00 ਵਜੇ ਦਲਜੀਤ ਸੋਨਾ ਅਕਾਦਮੀ, ਅੰਮ੍ਰਿਤਸਰ ਵਿਖੇ ‘ਅਜ਼ਾਦੀ ਤੋਂ ਪਹਿਲਾਂ ਅਤੇ ਬਾਅਦ ਦਾ ਭਾਰਤ’ ਬਾਰੇ ਵਿਦਵਾਨ ਤੇ ਅਲੋਚਕ ਵਿਚਾਰ ਪੇਸ਼ ਕਰਨਗੇ। ਇਸ ਤੋਂ ਇਲਾਵਾ ਅਜ਼ਾਦੀ ਪ੍ਰਾਪਤੀ ਲਈ ਘਾਲਣਾ ਨੂੰ ਪੇਸ਼ ਕਰਦੇ ਨਾਟਕ, ਗਾਇਕੀ ਅਤੇ ਕੋਰੀਓਗ੍ਰਾਫੀਆਂ ਦਾ ਮੰਚਣ ਕੀਤਾ ਵੀ ਜਾਵੇਗਾ।
ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਅਤੇ ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ, ਜਨਰਲ ਸੱਕਤਰ ਇੰਦਜੀਤ ਰੂਪੋਵਾਲੀ ਤੇ ਕਮਲ ਨੈਨ ਸਿੰਘ ਸੇਖੋਂ ਅਤੇ ‘ਢਾਈ ਅੱਖਰ ਪ੍ਰੇਮ’ ਸਭਿਆਚਾਰਕ ਸਮਾਗਮ ਦੇ ਕਨਵੀਨਰ ਦਲਜੀਤ ਸੋਨਾ ਨੇ ਦੱਸਿਆ ਕਿ ਚੰਡੀਗੜ੍ਹ ਅਤੇ ਪੰਜਾਬ ਦੇ ਸਾਰੇ ਜ਼ਿਲਿਆਂ ਵਿਚੋਂ ਇਪਟਾ ਕਾਰਕੁਨ ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਸੁਖਦੇਵ ਦੇ ਜਨਮ ਅਸਥਾਨ ਖਟਕੜ ਕਲਾ, ਸੁਨਾਮ ਤੇ ਲੁਧਿਆਣਾ ਅਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੀ ਸਮਾਧ ਹੂਸੈਨੀਵਾਲ ਵਿਖੇ ਨਤਮਸਤਕ ਹੋਣ ਬਾਅਦ ਜਲਿਆਵਾਲ ਬਾਗ ਵਿਖੇ ਸ਼ਹੀਦਾਂ ਨੂੰ ਸ਼ਰਧਾਜਲੀ ਦੇਣਗੇ।