ਇਤਿਹਾਸਕ ਕਿਸਾਨ ਟਰੈਕਟਰ ਮਾਰਚ ਕੱਲ੍ਹ
ਭਾਰਤ ਦੇ ਇਤਿਹਾਸ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਤੇ ਕਿਸਾਨਾਂ ਦਾ ਹੋਵੇਗਾ ਸ਼ਕਤੀ ਪ੍ਰਦਰਸ਼ਨ
ਟਰੈਕਟਰ ਪਰੇਡ ਦੀਆਂ ਤਿਆਰੀਆਂ ਮੁਕੰਮਲ-ਹਰ ਟਰੈਕਟਰ ਤੇ ਲਹਿਰਾਏਗਾ ਤਿਰੰਗਾ
ਨਵੇਂ ਬਣੇ ਖੇਤੀ ਕਾਨੂੰਨਾਂ ਦੇ ਖਿਲਾਫ ਦਿਖਾਈਆਂ ਜਾਣਗੀਆਂ ਝਾਕੀਆਂ
ਪੁਲਿਸ ਦੇ ਨਾਲ-ਨਾਲ ਸਾਬਕਾ ਫੌਜੀਆਂ ਦੇ ਇਕ ਟੀਮ ਵੀ ਸੁਰੱਖਿਆ ਸਥਿਤੀ ਤੇ ਰੱਖੇਗੀ ਨਜ਼ਰ
‘ ਬਲ਼ਦਾਂ ਵਾਲੇ ਗੱਡਿਆਂ ’ ਦੀ ਦੌੜ ਵੀ ਹੋਵੇਗੀ ਖਿੱਚ ਦਾ ਕੇਂਦਰ
ਨੋਜਵਾਨਾਂ ਨੂੰ ਜਾਬਤੇ ਵਿੱਚ ਰੱਖਣ ਲਈ ਵੀ ਹੋਵੇਗੀ ਕਿਸਾਨ ਆਗੂਆਂ ਦੀ ਪਰੀਖਿਆ
ਸ਼ਰਾਰਤੀ ਅਨਸਰਾਂ ਤੇ ਨਜ਼ਰ ਰੱਖਣ ਲਈ ਕਿਸਾਨਾਂ ਨੇ ਵੀ ਤਿਆਰ ਕੀਤੀ ਹੈ ਇਕ ਸਪੈਸ਼ਲ ਟੀਮ
ਹਜ਼ਾਰਾਂ ਟਰੈਕਟਰ ਪਹੁੰਚੇ ਦਿੱਲੀ ਦੀਆਂ ਬਰੂਹਾਂ ਤੇ ਅਤੇ ਹਜ਼ਾਰਾਂ ਟਰੈਕਟਰ ਦਿੱਲੀ ਦੇ ਰਾਹ ਵਿੱਚ-ਕਈ ਥਾਵਾਂ ਤੇ ਲੱਗਿਆ ਜਾਮ
ਟਰੈਕਟਰ ਮਾਰਚ ਦੇ ਨਾਲ-ਨਾਲ 40 ਐਂਬੂਲੈਂਸਾਂ ਵੀ ਰਹਿਣਗੀਆਂ ਤਿਆਰ-ਬਰ-ਤਿਆਰ
ਟਰੈਕਟਰ ਮਾਰਚ ਦੇ ਅੱਗੇ-ਅੱਗੇ ਚੱਲੇਗੀ ਪੁਲਿਸ
ਤਹਿ ਕੀਤੇ ਮਾਰਗ ਤੇ ਹੀ ਹੋਵੇਗਾ ਟਰੈਕਟਰ ਮਾਰਚ
ਮਾਰਗ ਤੋਂ ਹਟ ਕੇ ਚੱਲ੍ਹਣ ਵਾਲਿਆਂ ਖਿਲਾਫ ਕਰ ਸਕਦੀ ਹੈ ਪੁਲਿਸ ਕਾਰਵਾਈ-ਕਿਸਾਨ ਆਗੂ
ਟਰੈਕਟਰ ਮਾਰਚ ਦੀ ਹੋਵੇਗੀ ਸੀ.ਸੀ.ਟੀ.ਵੀ ਰਾਹੀਂ ਨਿਗਰਾਨੀ
ਦਿੱਲੀ ਪੁਲਿਸ ਦੇ ਨਾਲ-ਨਾਲ ਹਰਿਆਣਾ ਤੇ ਰਾਜਸਥਾਨ ਦੀ ਪੁਲਿਸ ਵੀ ਰਹੇਗੀ ਚੌਕਸ
ਨਵੀਂ ਦਿੱਲੀ,ਚੰਡੀਗੜ੍ਹ, 25ਜਨਵਰੀ( ਦਵਿੰਦਰਜੀਤ ਸਿੰਘ ਦਰਸ਼ੀ,(ਵਿਸ਼ਵ ਵਾਰਤਾ)- ਇਤਿਹਾਸਕ ਕਿਸਾਨ ਅੰਦੋਲਨ ਕੱਲ੍ਹ 26ਜਨਵਰੀ ਨੂੰ ਇਕ ਹੋਰ ਇਤਿਹਾਸ ਰਚਣ ਜਾ ਰਿਹਾ ਹੈ। ਦੇਸ਼ ਦੇ ਇਤਿਹਾਸ ਵਿੱਚ ਪਹਿਲੀ ਵਾਰ ਗਣਤੰਤਰ ਦਿਵਸ ਤੇ ਹਜ਼ਾਰਾਂ ਦੀ ਗਿਣਤੀ ਵਿੱਚ ਟਰੈਕਟਰ ਮਾਰਚ ਰਾਜਧਾਨੀ ਦਿੱਲੀ ਦੀਆਂ ਸੜਕਾਂ ਤੇ ਕੀਤਾ ਜਾ ਰਿਹਾ ਹੈ। ਇਹ ਟਰੈਕਟਰ ਮਾਰਚ ਖੁਸ਼ੀ ਨਾਲ ਨਹੀਂ ਸਗੋਂ ਕੇਂਦਰ ਸਰਕਾਰ ਵੱਲੋਂ ਬਣਾਏ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਕੀਤਾ ਜਾ ਰਿਹਾ ਹੈ। ਇਹਨਾਂ ਖੇਤੀ ਕਾਨੂੰਨਾਂ ਦੇ ਖਿਲਾਫ ਪਿਛਲੇ 61 ਦਿਨਾਂ ਤੋਂ ਦੇਸ਼ ਭਰ ਦੇ ਕਿਸਾਨਾਂ ਵੱਲੋਂ ਕਾਨੂੰਨਾਂ ਨੂੰ ਵਾਪਸ ਲੈਣ ਦੀ ਮੰਗ ਨੂੰ ਲੈ ਕੇ ਦਿੱਲੀ ਦੀਆਂ ਬਰੂਹਾਂ ਤੇ ਸ਼ਾਂਤੀ ਪੂਰਵਕ ਅੰਦੋਲਨ ਚਲਾਇਆ ਜਾ ਰਿਹਾ ਹੈ। ਇਸ ਟਰੈਕਟਰ ਮਾਰਚ ਲਈ ਪੰਜਾਬ ਅਤੇ ਹਰਿਆਣਾ ਦੇ ਕਿਸਾਨਾਂ ਵਿੱਚ ਜੋਸ਼ ਅਤੇ ਉਤਸ਼ਾਹ ਵੇਖਣ ਵਾਲਾ ਹੈ। ਪੰਜਾਬ ਦੇ ਹਰ ਪਿੰਡ ਵਿੱਚੋਂ ਭਾਰੀ ਗਿਣਤੀ ਵਿੱਚ ਟਰੈਕਟਰ ਦਿੱਲੀ ਜਾਂ ਤਾਂ ਪੁੱਜ ਗਏ ਹਨ ਜਾਂ ਪਹੁੰਚਣ ਵਾਲੇ ਹਨ। ਅੰਦੋਲਨਕਾਰੀ ਕਿਸਾਨਾਂ ਦੀ ਗਣਤੰਤਰ ਦਿਵਸ ਟਰੈਕਟਰ ਪਰੇਡ ਵਿੱਚ ਵੱਖ-ਵੱਖ ਰਾਜਾਂ ਦੀਆਂ ਕਈ ਝਾਕੀਆਂ ਵੀ ਹੋਣਗੀਆਂ ਜੋ ਪੇਂਡੂ ਜੀਵਨ ਕੇਂਦਰ ਦੇ ਖੇਤੀ ਕਾਨੂੰਨਾਂ ਦਾ ਵਿਰੋਧ ਦਿਖਾਉਣ ਦੇ ਨਾਲ-ਨਾਲ ਅੰਦੋਲਨਕਾਰੀਆਂ ਦੇ ਸਾਹਸ ਨੂੰ ਵੀ ਦਿਖਾਉਣਗੀਆਂ। ਜਾਣਕਾਰ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਅੰਦੋਲਨ ਵਿੱਚ ਸ਼ਾਮਿਲ ਹੋਣ ਵਾਲੇ ਸਾਰੇ ਸੰਗਠਨਾਂ ਨੂੰ ਪਰੇਡ ਲਈ ਝਾਕੀਆਂ ਤਿਆਰ ਕਰਨ ਲਈ ਕਿਹਾ ਗਿਆ ਹੈ। ਇਹਨਾਂ ਝਾਕੀਆਂ ਵਿੱਚ ਭਾਰਤ ਵਿੱਚ ਕਿਸਾਨ ਅੰਦੋਲਨ ਦਾ ਇਤਿਹਾਸ , ਮਹਿਲਾ ਕਿਸਾਨਾਂ ਦੀ ਭੂਮਿਕਾ ਅਤੇ ਵੱਖ-ਵੱਖ ਰਾਜਾਂ ਵਿੱਚ ਖੇਤੀ ਵਿੱਚ ਅਪਣਾਏ ਜਾਂਦੇ ਤਰੀਕੇ ਸ਼ਾਮਿਲ ਹੋਣਗੇ। ਜਾਣਕਾਰੀ ਅਨੁਸਾਰ ਮਹਾਰਾਸ਼ਟਰ ਦੇ ਵਿਦਰਭ ਇਲਾਕੇ ਦੇ ਕੁਝ ਬੱਚਿਆਂ ਨੇ ਕਿਸਾਨਾਂ ਦੀ ਆਤਮਹੱਤਿਆ ਉਤੇ ਇਕ ਝਾਕੀ ਬਣਾਈ ਹੈ। ਸਵਰਾਜ ਇੰਡੀਆ ਦੇ ਇਕ ਮੈਂਬਰ ਨੇ ਕਿਹਾ ਆਤਮਹੱਤਿਆ ਕਰਨ ਵਾਲੇ ਕਿਸਾਨਾਂ ਦੇ ਬੱਚਿਆਂ ਦੇ ਇਸ ਪਰੇਡ ਵਿੱਚ ਹਿੱਸਾ ਲੈਣ ਦੀ ਉਮੀਦ ਹੈ। ਇਕ ਹੋਰ ਝਾਕੀ ਵਿੱਚ ਕਿਸਾਨਾਂ ਦੇ ਸਾਹਮਣੇ ਆਉਣ ਵਾਲੀਆਂ ਕਠਨਾਈਆਂ ਨੂੰ ਦਰਸਾਇਆ ਜਾਵੇਗਾ। ਜਿਹਨਾਂ ਨੂੰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਹਿਮਾਚਲ ਪ੍ਰਦੇਸ਼, ਜੰਮੂ-ਕਸ਼ਮੀਰ ਅਤੇ ਉਤਰਾਖੰਡ ਵਰਗੇ ਰਾਜਾਂ ਤੋਂ ਪਤਾ ਚੱਲੇਗਾ ਕਿ ਪਹਾੜੀ ਇਲਾਕਿਆਂ ਵਿੱਚ ਫਲਾਂ ਅਤੇ ਸਬਜ਼ੀਆਂ ਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ।
ਪੰਜਾਬ ਅਤੇ ਹਰਿਆਣਾ ਦੇ ਕਿਸਾਨ ਰਵਾਇਤੀ ਅਤੇ ਆਧੁਨਿਕ ਖੇਤੀ ਤਕਨੀਕ ਅਤੇ ਔਰਤਾਂ ਦੁਆਰਾ ਗਊਆਂ ਅਤੇ ਮੱਝਾਂ ਦੀ ਧਾਰ ਕੱਡਣ ਦੀ ਝਾਕੀ ਹੋਵੇਗੀ ਅਤੇ ਕਿਸਾਨਾਂ ਦੁਆਰਾ ਬੈਲਗੱਡੀਆਂ ਖਿੱਚ ਦਾ ਕੇਂਦਰ ਹੋਣਗੀਆਂ।ਹਰ ਇਕ ਟਰੈਕਟਰ ਤੇ ਤਿਰੰਗਾ ਲੱਗਿਆ ਹੋਵੇਗਾ ਅਤੇ ਲੋਕ ਸੰਗੀਤ ਅਤੇ ਦੇਸ਼ ਭਗਤੀ ਦੇ ਗੀਤ ਬਜਾਏ ਜਾਣਗੇ। ਇਹ ਟਰੈਕਟਰ ਮਾਰਚ ਰਾਜਪੱਥ ਉਤੇ ਹੋਣ ਵਾਲੇ ਗਣਤੰਤਰ ਦਿਵਸ ਪਰੇਡ ਦੀ ਸਮਾਪਤੀ ਤੋਂ ਬਾਅਦ ਸ਼ੁਰੂ ਹੋਵੇਗੀ ਅਤੇ ਸ਼ਾਮ 6 ਵਜੇ ਦੇ ਕਰੀਬ ਸਮਾਪਤ ਹੋਣ ਤੋਂ ਪਹਿਲਾਂ 100 ਕਿਲੋਮੀਟਰ ਤੋਂ ਵੱਧ ਦੀ ਦੂਰੀ ਤਹਿ ਕਰੇਗੀ।
ਕਿਸੇ ਵੀ ਹੰਗਾਮੀ ਚਿਕਿਤਸਾ ਦੇ ਨਾਲ ਨਿਪਟਣ ਲਈ ਟਰੈਕਟਰ ਮਾਰਚ ਦੇ ਨਾਲ-ਨਾਲ ਲਗਪਗ 40 ਐਂਬੂਲੈਂਸਾਂ ਤਿਆਰ ਰਹਿਣਗੀਆਂ। ਦਿੱਲੀ ਪੁਲਿਸ ਦੀ ਇਕ ਟੀਮ ਟਰੈਕਟਰ ਮਾਰਚ ਦੇ ਅੱਗੇ-ਅੱਗੇ ਚੱਲੇਗੀ ਉਸ ਦੇ ਪਿੱਛੇ-ਪਿੱਛੇ ਟਰੈਕਟਰ ਮਾਰਚ ਹੋਵੇਗਾ। ਪੂਰੇ ਟਰੈਕਟਰ ਮਾਰਚ ਦੀ ਸੀਸੀਟੀਵੀ ਕੈਮਰਿਆਂ ਰਾਹੀਆਂ ਨਿਗਰਾਨੀ ਰੱਖੀ ਜਾਵੇਗੀ। ਸ਼ਰਾਰਤੀਆਂ ਤੇ ਨਜ਼ਰ ਰੱਖਣ ਲਈ ਦਿੱਲੀ ਪੁਲਿਸ ਤੋਂ ਇਲਾਵਾ ਕਿਸਾਨ ਜੱਥੇਬੰਦੀਆਂ ਵੱਲੋਂ ਵੀ ਇਕ ਸਪੈਸ਼ਲ ਟੀਮ ਬਣਾਈ ਗਈ ਹੈ ਜੋ ਕਿ ਪੂਰੀ ਮੁਸਤੈਦੀ ਨਾਲ ਇਸ ਸ਼ਾਂਤ ਮਈ ਟਰੈਕਟਰ ਮਾਰਚ ਵਿੱਚ ਕਿਸੇ ਵੀ ਵਿਘਨ ਪੈਣ ਤੋਂ ਤਿਆਰ-ਬਰ-ਤਿਆਰ ਰਹੇਗੀ।