ਇਤਿਹਾਸਕ ਕਿਸਾਨ ਅੰਦੋਲਨ
ਦਿੱਲੀ ਦੀਆਂ ਸਰਹੱਦਾਂ ਤੇ ਲਗਾਤਾਰ ਡਟੇ ਹੋਏ ਹਨ ਕਿਸਾਨ
1 ਮਈ ਨੂੰ ‘ਕਿਸਾਨ ਮਜ਼ਦੂਰ ਏਕਤਾ ਦਿਵਸ’ ਮਨਾਉਣਗੇ ਕਿਸਾਨ ਸੰਗਠਨ
5 ਮਈ ਨੂੰ ਕੱਢਿਆ ਜਾਵੇਗਾ ਰੋਸ ਮਾਰਚ
ਅੰਦੋਲਨ ਨੂੰ ਤੋੜਨ ਲਈ ਲਗਾਤਾਰ ਕੀਤੀ ਜਾ ਰਹੀ ਹੈ ਕੋਸ਼ਿਸ਼: ਕਿਸਾਨ ਆਗੂ
ਨਵੀਂ ਦਿੱਲੀ, 30ਅਪ੍ਰੈਲ(ਵਿਸ਼ਵ ਵਾਰਤਾ)- ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦਾ ਵਿਰੋਧ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਕਿਸਾਨ ਲਗਾਤਾਰ ਦਿੱਲੀ ਦੀ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਦਾ ਜੋਸ਼ ਵੱਧਦਾ ਹੀ ਜਾ ਰਿਹਾ ਹੈ ਕਿ ਉਹ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਵਾਪਸ ਆਉਣਗੇ। ਕਿਸਾਨਾਂ ਨੇ ਪਹਿਲਾਂ ਅੱਤ ਦੀ ਸਰਦੀ ਝੱਲੀ, ਮੀਂਹ-ਹਨੇਰੀ ਸਭ ਕੁਝ ਸਹਿ ਲਿਆ ਤੇ ਹੁਣ ਅੱਤ ਦੀ ਗਰਮੀ ਵਿੱਚ ਬੈਠੇ ਹਨ।
ਅੰਦੋਲਨ ਦੇ ਦੌਰਾਨ ਦਿੱਲੀ ਦੀਆ ਸਰਹੱਦਾਂ ਤੇ ਡਟੇ ਕਿਸਾਨ ਹਰ ਤਿਉਹਾਰ ਅਤੇ ਦਿਵਸ ਵੀ ਉੱਥੇ ਹੀ ਮਨਾ ਰਹੇ ਹਨ। ਹੁਣ ਕਿਸਾਨ ਸੰਗਠਨਾਂ ਵੱਲੋਂ ਅੰਤਰਰਾਸ਼ਟਰੀ ਮਜ਼ਦੂਰ ਦਿਵਸ 1 ਮਈ ਨੂੰ ‘ਕਿਸਾਨ ਮਜ਼ਦੂਰ ਏਕਤਾ ਦਿਵਸ’ ਦੇ ਰੂਪ ਵਿੱਚ ਮਨਾਏ ਜਾਣ ਦਾ ਐਲਾਨ ਕੀਤਾ ਗਿਆ ਹੈ। ਦਿੱਲੀ ਦੀਆਂ ਸਰਹੱਦਾਂ ਅਤੇ ਦੇਸ਼ ਦੇ ਵੱਖ-ਵੱਖ ਸਥਾਨਾਂ ਨੇ ਕਿਸਾਨ ਮਜ਼ਦੂਰ ਏਕਤਾ ਦਿਵਸ ਮਨਾਇਆ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਨੇ ਕਿਹਾ ਕਿ ਅੰਦੋਲਨ ਨੂੰ ਤੋੜਨ ਲਈ ਬਹੁਤ ਸਾਰੇ ਯਤਨ ਕੀਤੇ ਜਾ ਰਹੇ ਹਨ। ਪਰ ਉਹਨਾਂ ਦੇ ਜੋਸ਼ ਵਿੱਚ ਕੋਈ ਕਮੀ ਨਹੀਂ ਹੈ।
ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਬਿਆਨ ਜਾਰੀ ਕਰਦੇ ਹੋਏ ਕਿਹਾ ਕਿ 5 ਮਈ ਨੂੰ ਕਿਸਾਨ ਦਿੱਲੀ ਵਿਚ ਰੋਸ ਮਾਰਚ ਕੱਢਣਗੇ। ਇਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।