ਇਤਿਹਾਸਕ ਕਿਸਾਨ ਅੰਦੋਲਨ :ਕਿਸਾਨਾਂ ਦਾ ਅੰਦੋਲਨ ਹੋਵੇਗਾ ਹੋਰ ਤੇਜ਼
26 ਜੂਨ ਨੂੰ ਦੇਸ਼ ਭਰ ਦੇ ਰਾਜ ਭਵਨਾਂ ਅੱਗੇ ਕਿਸਾਨ ਦੇਣਗੇ ਧਰਨੇ
ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਭੇਜਣਗੇ ਮੰਗ ਪੱਤਰ
ਕਿਸਾਨ ਲਗਾਤਾਰ ਡਟੇ ਹਨ ਦਿੱਲੀ ਦੀਆਂ ਸਰਹੱਦਾਂ ਤੇ
26 ਜੂਨ ਨੂੰ ‘ਖੇਤੀਬਾੜੀ ਬਚਾਓ’ ਅਤੇ ‘ਲੋਕਤੰਤਰ ਬਚਾਓ’ ਦਿਵਸ ਵਜੋਂ ਮਨਾਇਆ ਜਾਵੇਗਾ-ਕਿਸਾਨ ਆਗੂ
ਧਰਨੇ ਵਾਲੀਆਂ ਥਾਵਾਂ ਤੇ ਔਰਤਾਂ ਦੀ ਸੁਰੱਖਿਆ ਲਈ ਬਣਾਈ ਜਾਵੇਗੀ ਇੱਕ ਕਮੇਟੀ,ਮੋਬਾਇਲ ਨੰਬਰ ਕੀਤਾ ਜਾਵੇਗਾ ਜਨਤਕ
ਚੰਡੀਗੜ੍ਹ, 12ਜੂਨ(ਵਿਸ਼ਵ ਵਾਰਤਾ)- :ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੇ ਵਿਰੋਧ ਨੂੰ ਸ਼ੁੱਕਰਵਾਰ ਨੂੰ 197 ਦਿਨ ਹੋ ਗਏ ਹਨ। ਸ਼ੁੱਕਰਵਾਰ ਨੂੰ ਕਿਸਾਨਾਂ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਦਾ ਐਲਾਨ ਕੀਤਾ ਅਤੇ ਨਾਲ ਹੀ ਸਰਕਾਰ ਤੇ ਦਬਾਅ ਬਣਾਉਣ ਦੀ ਰਣਨੀਤੀ ਤਿਆਰ ਕੀਤੀ। ਇਸ ਦੌਰਾਨ 26 ਜੂਨ ਨੂੰ ਕਿਸਾਨਾਂ ਨੇ ਦੇਸ਼ ਭਰ ਦੇ ਰਾਜ ਭਵਨਾਂ ਵਿਖੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਕਿਸਾਨ ਆਗੂਆਂ ਨੇ ਨਾਲ ਹੀ ਇਹ ਵੀ ਦੱਸਿਆ ਕਿ 24 ਜੂਨ ਨੂੰ ਸਾਰੀਆਂ ਸਰਹੱਦਾਂ ਤੇ ਕਿਸਾਨ ਸੰਤ ਰਵਿਦਾਸ ਦਾ ਜਨਮ ਦਿਹਾੜਾ ਮਨਾਉਣਗੇ। ਸੰਯੁਕਤ ਕਿਸਾਨ ਮੋਰਚਾ ਦੇ ਆਗੂਆਂ ਨੇ ਕਿਹਾ ਕਿ 26 ਜੂਨ ਨੂੰ ਕਿਸਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ ਅਤੇ ਇਸ ਦੌਰਾਨ ਕਾਲੇ ਝੰਡੇ ਦਿਖਾਏ ਜਾਣਗੇ ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੂੰ ਮੰਗ ਪੱਤਰ ਵੀ ਭੇਜਣਗੇ।
ਭਾਰਤੀ ਕਿਸਾਨ ਯੂਨੀਅਨ ਦੇ ਆਗੂ ਧਰਮਿੰਦਰ ਮਲਿਕ ਨੇ ਦੱਸਿਆ ਕਿ 26 ਜੂਨ ਨੂੰ ‘ਖੇਤੀਬਾੜੀ ਬਚਾਓ’ ਅਤੇ ‘ਲੋਕਤੰਤਰ ਬਚਾਓ’ ਦਿਵਸ ਵਜੋਂ ਮਨਾਇਆ ਜਾਵੇਗਾ। ਇਸ ਦੇ ਨਾਲ ਹੀ ਰਾਜ ਭਵਨਾਂ ਤੇ ਕਾਲੇ ਝੰਡੇ ਦਿਖਾ ਕੇ ਅਤੇ ਹਰ ਰਾਜ ਵਿਚ ਰਾਜਪਾਲ ਦੇ ਜ਼ਰੀਏ ਰਾਸ਼ਟਰਪਤੀ ਨੂੰ ਮੰਗ ਪੱਤਰ ਦੇ ਕੇ ਉਹ ਆਪਣਾ ਵਿਰੋਧ ਦਰਜ ਕਰਵਾਉਣਗੇ।
ਆਲ ਇੰਡੀਆ ਕਿਸਾਨ ਸਭਾ, ਹਰਿਆਣਾ ਦੇ ਇੰਦਰਜੀਤ ਸਿੰਘ ਨੇ ਕਿਹਾ ਕਿ ਸੰਯੁਕਤ ਕਿਸਾਨ ਮੋਰਚਾ ਰਾਜ ਭਵਨਾਂ ਦੇ ਬਾਹਰ 26 ਜੂਨ ਨੂੰ ਦੇਸ਼ ਭਰ ਵਿੱਚ ਰੋਸ ਪ੍ਰਦਰਸ਼ਨ ਕਰਨਗੇ। ਜਦੋਂ ਕਿ ਤਿੰਨ ਖੇਤੀਬਾੜੀ ਕਾਨੂੰਨਾਂ ਵਿਰੁੱਧ ਸਾਡੇ ਅੰਦੋਲਨ ਦੇ 7 ਮਹੀਨੇ ਪੂਰੇ ਹੋਣਗੇ। ਇਸ ਦਿਨ ਨੂੰ ਖੇਤੀ ਬਚਾਓ, ਲੋਕਤੰਤਰ ਬਚਾਓ ਦਿਹਾੜੇ ਵਜੋਂ ਮਨਾਇਆ ਜਾਵੇਗਾ। ਕਿਸਾਨਾਂ ਨੇ ਸਰਹੱਦ ਤੇ ਔਰਤਾਂ ਦੀ ਸੁਰੱਖਿਆ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ। ਕਿਸਾਨਾਂ ਦੇ ਅਨੁਸਾਰ ਅੰਦੋਲਨ ਵਾਲੀ ਥਾਂ ਤੇ ਔਰਤਾਂ ਦੀ ਸੁਰੱਖਿਆ ਲਈ ਸ਼ਨੀਵਾਰ ਤੱਕ ਇੱਕ ਕਮੇਟੀ ਬਣਾਈ ਜਾਵੇਗੀ। ਉੱਥੇ ਹੀ ਇੱਕ ਮੋਬਾਇਲ ਨੰਬਰ ਜਨਤਕ ਕੀਤਾ ਜਾਵੇਗਾ।