ਇਟਲੀ ‘ਚ ਪੰਜਾਬੀ ਨੌਜਵਾਨ ਦੀ ਕਾਰ ਹਾਦਸੇ ‘ਚ ਮੌਤ, ਮ੍ਰਿਤਕ ਦੇ ਪਿੰਡ ਅਕਾਲਗੜ੍ਹ ‘ਚ ਸੋਗ ਦੀ ਲਹਿਰ
ਲੁਧਿਆਣਾ 15ਜੁਲਾਈ (ਵਿਸ਼ਵ ਵਾਰਤਾ): ਇਟਲੀ ‘ਚ ਪੰਜਾਬ ਦੇ ਇੱਕ ਹੋਰ ਵਿਅਕਤੀ ਦੀ ਹਾਦਸੇ ‘ਚ ਮੌਤ ਹੋ ਗਈ ਹੈ। ਲੁਧਿਆਣਾ ਦੀ ਰਾਏਕੋਟ ਤਹਿਸੀਲ ਦੇ ਪਿੰਡ ਅਕਾਲਗੜ੍ਹ ਖੁਰਦ ਨਾਲ ਸੰਬੰਧਿਤ ਹਰਪ੍ਰੀਤ ਸਿੰਘ ਇਟਲੀ ਵਿਚ ਰਹਿੰਦਾ ਸੀ। ਬੀਤੇ ਦਿਨ ਇੱਕ ਸੜਕ ਹਾਦਸੇ ਵਿੱਚ ਉਸਦੀ ਮੌਤ ਹੋ ਗਈ ਸੀ। ਹਰਪ੍ਰੀਤ ਸਿੰਘ ਐਤਵਾਰ ਸ਼ਾਮ ਖੇਤਾਂ ‘ਚ ਕੰਮ ਕਰਨ ਤੋਂ ਬਾਅਦ ਸਾਈਕਲ ‘ਤੇ ਘਰ ਜਾ ਰਿਹਾ ਸੀ। ਇੱਕ ਸ਼ਰਾਬੀ ਕਾਰ ਚਾਲਕ ਨੇ ਹਰਪ੍ਰੀਤ ਦੇ ਸਾਈਕਲ ਨੂੰ ਪਿੱਛੇ ਤੋਂ ਟੱਕਰ ਮਾਰ ਦਿੱਤੀ। ਕਾਰ ਦੀ ਟੱਕਰ ਕਾਰਨ ਹਰਪ੍ਰੀਤ ਸਾਈਕਲ ਸਮੇਤ ਕਈ ਫੁੱਟ ਦੂਰ ਜਾ ਡਿੱਗਿਆ। ਉਸ ਦੇ ਸਿਰ ‘ਤੇ ਗੰਭੀਰ ਸੱਟਾਂ ਲੱਗੀਆਂ। ਇਟਾਲੀਅਨ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਹਰਪ੍ਰੀਤ ਨੂੰ ਐਂਬੂਲੈਂਸ ਵਿੱਚ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰੀ ਅਮਲੇ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਰਪ੍ਰੀਤ ਸਿੰਘ ਦਾ ਇਟਲੀ ਜਾਣ ਤੋਂ ਪਹਿਲਾਂ 2007 ਵਿੱਚ ਵਿਆਹ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਇੱਕ ਪੁੱਤਰ ਨੇ ਜਨਮ ਲਿਆ। ਪਰਿਵਾਰ ਦੇ ਉੱਜਵਲ ਭਵਿੱਖ ਲਈ ਪਿਤਾ ਅਮਰਜੀਤ ਸਿੰਘ ਨੇ 14 ਸਾਲ ਪਹਿਲਾਂ ਦੋ ਏਕੜ ਜ਼ਮੀਨ ਵੇਚ ਕੇ ਆਪਣੇ ਪੁੱਤਰ ਹਰਪ੍ਰੀਤ ਸਿੰਘ ਨੂੰ ਇਟਲੀ ਭੇਜ ਦਿੱਤਾ ਸੀ। ਇਟਲੀ ਵਿੱਚ ਪੀਆਰ ਮਿਲਣ ਤੋਂ ਬਾਅਦ ਹਰਪ੍ਰੀਤ ਨੇ ਆਪਣੀ ਪਤਨੀ ਅਤੇ ਬੇਟੇ ਨੂੰ ਵੀ ਬੁਲਾ ਲਿਆ ਸੀ। 25 ਦਿਨ ਪਹਿਲਾਂ ਹਰਪ੍ਰੀਤ ਦੀ ਪਤਨੀ ਆਪਣੇ ਲੜਕੇ ਨੂੰ ਇਲਾਜ ਲਈ ਪਿੰਡ ਲੈ ਕੇ ਆਈ ਸੀ। ਉਸ ਨੇ 23 ਜੁਲਾਈ ਨੂੰ ਇਟਲੀ ਪਰਤਣਾ ਸੀ। ਹਰਪ੍ਰੀਤ ਦੀ ਮੌਤ ਦੀ ਖਬਰ ਐਤਵਾਰ ਦੇਰ ਰਾਤ ਨੂੰ ਆਈ ਅਤੇ ਘਰ ‘ਚ ਹਫੜਾ-ਦਫੜੀ ਮਚ ਗਈ। ਸੋਮਵਾਰ ਸਵੇਰ ਤੱਕ ਹਰਪ੍ਰੀਤ ਦੀ ਮੌਤ ਦੀ ਖਬਰ ਨਾਲ ਪੂਰੇ ਇਲਾਕੇ ‘ਚ ਸੋਗ ਦੀ ਲਹਿਰ ਫੈਲ ਗਈ। ਪਰਿਵਾਰ ਨੇ ਪੰਜਾਬ ਅਤੇ ਕੇਂਦਰ ਸਰਕਾਰਾਂ ਨੂੰ ਹਰਪ੍ਰੀਤ ਦੀ ਲਾਸ਼ ਭਾਰਤ ਲਿਆਉਣ ਲਈ ਮਦਦ ਕਰਨ ਦੀ ਅਪੀਲ ਕੀਤੀ ਹੈ।