ਇਕ ਵਾਰ ਫਿਰ ਵਧਣ ਲੱਗੇ ਖੇਤਾਂ ‘ਚ ਪਰਾਲੀ ਸਾੜਨ ਦੇ ਮਾਮਲੇ
ਚੰਡੀਗੜ੍ਹ 12 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਲਗਾਤਾਰ ਇਸ ਸਾਲ ਪਰਾਲੀ ਸਾੜਨ ਦੇ ਘੱਟ ਮਾਮਲੇ ਸਾਹਮਣੇ ਆਊਣ ਦੇ ਦਾਅਵੇ ਕੀਤੇ ਜਾ ਰਹੇ ਹਨ। ਪਰ ਹੁਣ ਇੱਕ ਵਾਰ ਫਿਰ ਤੋਂ ਖੇਤਾਂ ਵਿੱਚ ਪਰਾਲੀ ਸਾੜਨ ਦੀ ਸ਼ੁਰੂਆਤ ਹੋ ਗਈ ਹੈ। ਬੀਤੀ ਰਾਤ ਤੱਕ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਰਿਮੋਟ ਸੈਂਸਿੰਗ ਸਿਸਟਮ ‘ਤੇ ਸੂਬੇ ‘ਚ 3911 ਥਾਵਾਂ ‘ਤੇ ਪਰਾਲੀ ਸਾੜਨ ਦੇ ਮਾਮਲੇ ਦਰਜ ਕੀਤੇ ਗਏ ਹਨ। ਇਸ ਨਾਲ ਪੰਜਾਬ ਵਿੱਚ ਪਰਾਲੀ ਸਾੜਨ ਦਾ ਅੰਕੜਾ 40677 ਤੱਕ ਪਹੁੰਚ ਗਿਆ ਹੈ।
ਹੈਰਾਨੀ ਦੀ ਗੱਲ ਹੈ ਕਿ ਪੰਜਾਬ ਵਿੱਚ ਪਰਾਲੀ ਸਾੜਨ ਦੇ ਕੁੱਲ 3916 ਕੇਸਾਂ ਵਿੱਚੋਂ 3711 ਪਰਾਲੀ ਸਾੜਨ ਦੇ ਕੇਸ ਸਿਰਫ਼ ਮਾਲਵਾ ਖੇਤਰ ਵਿੱਚ ਹੀ ਦਰਜ ਹੋਏ ਹਨ। ਜਦੋਂ ਕਿ ਪੰਜਾਬ ਦੇ ਜੋਆਬਾ ਖੇਤਰ ਵਿੱਚ 134 ਸਥਾਨਾਂ ਅਤੇ ਮਾਝਾ ਖੇਤਰ ਵਿੱਚ ਖੇਤਾਂ ਵਿੱਚ ਪਰਾਲੀ ਸਾੜਨ ਦੇ ਸਿਰਫ 74 ਮਾਮਲੇ ਰਿਮੋਟ ਸੈਂਸਿੰਗ ਸਿਸਟਮ ਰਾਹੀਂ ਦਰਜ ਕੀਤੇ ਗਏ ਹਨ ਜਦਕਿ ਮਾਲਵਾ ਖੇਤਰ ਵਿੱਚ ਵੀ ਬਠਿੰਡਾ ਜ਼ਿਲ੍ਹੇ ਵਿੱਚ ਸਭ ਤੋਂ ਵੱਧ 523 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਮੋਗਾ ‘ਚ 446, ਮੁਕਤਸਰ ‘ਚ 434, ਫਾਜ਼ਿਲਕਾ ‘ਚ 385, ਫਿਰੋਜ਼ਪੁਰ ‘ਚ 305, ਮਾਨਸਾ ‘ਚ 306, ਲੁਧਿਆਣਾ ‘ਚ 296, ਬਰਨਾਲਾ ‘ਚ 296, ਫਰੀਦਕੋਟ ‘ਚ 280, ਮੁੱਖ ਮੰਤਰੀ ਦੇ ਜ਼ਿਲਾ ਸੰਗਰੂਰ ‘ਚ 233 ਮਾਮਲੇ ਸਾਹਮਣੇ ਆਏ ਹਨ। ਜਦਕਿ ਪਟਿਆਲਾ ਵਿੱਚ 114, ਮਲੇਰਕੋਟਲਾ ਵਿੱਚ 61 ਅਤੇ ਫਤਿਹਗੜ੍ਹ ਸਾਹਿਬ ਵਿੱਚ 32 ਮਾਮਲੇ ਸਾਹਮਣੇ ਆਏ ਹਨ। ਮਾਝੇ ਦਾ ਗੁਰਦਾਸਪੁਰ ਜ਼ਿਲ੍ਹਾ ਸੂਬੇ ਦਾ ਇੱਕੋ ਇੱਕ ਅਜਿਹਾ ਜ਼ਿਲ੍ਹਾ ਹੈ ਜਿੱਥੇ ਇੱਕ ਵੀ ਖੇਤ ਵਿੱਚ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਇਸ ਤੋਂ ਇਲਾਵਾ ਅੰਮ੍ਰਿਤਸਰ ਵਿੱਚ ਪਰਾਲੀ ਸਾੜਨ ਦੇ 29 ਅਤੇ ਤਰਨਤਾਰਨ ਵਿੱਚ 45 ਮਾਮਲੇ ਸਾਹਮਣੇ ਆਏ ਹਨ। ਦੋਆਬਾ ਅਤੇ ਪੁਆੜ ਖੇਤਰਾਂ ‘ਚ 134 ਮਾਮਲੇ ਸਾਹਮਣੇ ਆਏ ਹਨ ਪਰ ਇਨ੍ਹਾਂ ‘ਚੋਂ ਦੋਆਬਾ ਖੇਤਰ ਦੇ ਜਲੰਧਰ ਜ਼ਿਲ੍ਹੇ ‘ਚ ਸਭ ਤੋਂ ਵੱਧ 67 ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਹੁਸ਼ਿਆਰਪੁਰ ‘ਚ ਖੇਤਾਂ ‘ਚ ਅੱਗਜ਼ਨੀ ਦੇ ਘੱਟੋ-ਘੱਟ 4 ਮਾਮਲੇ ਦਰਜ ਹਨ। ਪਰਾਲੀ ਸਾੜਨ ਕਾਰਨ ਕਪੂਰਥਲਾ ਜ਼ਿਲ੍ਹੇ ਵਿੱਚ 27 ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ 16 ਕੇਸ ਦਰਜ ਕੀਤੇ ਗਏ ਹਨ। ਪੁਆੜ ਖੇਤਰ ਦੇ ਰੂਪਨਗਰ ਵਿੱਚ 17 ਥਾਵਾਂ ’ਤੇ ਪਰਾਲੀ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ, ਜਦਕਿ ਮੁਹਾਲੀ ਜ਼ਿਲ੍ਹੇ ਵਿੱਚ ਕਿਤੇ ਵੀ ਪਰਾਲੀ ਸਾੜਨ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ ਹੈ।