ਆਸਟ੍ਰੇਲੀਆ ਦੀ ਅੰਡਰ -19 ਟੀਮ ਦਾ ਹਿੱਸਾ ਬਣੇ 2 ਪੰਜਾਬੀ ਨੌਜਵਾਨ
ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਵਿੱਚ ਖੇਡਦੇ ਆਉਣਗੇ ਨਜ਼ਰ
ਚੰਡੀਗੜ੍ਹ,15ਦਸੰਬਰ(ਵਿਸ਼ਵ ਵਾਰਤਾ)- ਆਸਟਰੇਲੀਆ ਦੇ ਯੂਥ ਸਿਲੈਕਸ਼ਨ ਪੈਨਲ (ਵਾਈਐਸਪੀ) ਨੇ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ 15 ਮੈਂਬਰੀ ਟੀਮ ਦੀ ਚੋਣ ਕੀਤੀ ਹੈ। ਪੰਜਾਬੀਆਂ ਲਈ ਮਾਣ ਵਾਲੀ ਗੱਲ ਇਹ ਹੈ ਕਿ ਇਸ ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਟੀਮ ਵਿੱਚ 2 ਪੰਜਾਬੀ ਨੌਜਵਾਨ ਹਰਕੀਰਤ ਸਿੰਘ ਬਾਜਵਾ ਅਤੇ ਹਰਜਸ ਸਿੰਘ ਨੂੰ ਸ਼ਾਮਲ ਕੀਤਾ ਗਿਆ ਹੈ। ਹਰਕੀਰਤ ਸਿੰਘ ਬਾਜਵਾ 2012 ਵਿੱਚ ਆਪਣੇ ਪਰਿਵਾਰ ਸਮੇਤ ਪੰਜਾਬ ਤੋਂ ਮੈਲਬੌਰਨ ਸ਼ਿਫਟ ਹੋ ਗਏ ਸਨ। ਅੰਡਰ-12 ਜ਼ਿਲਾ ਟੀਮ ਤੋਂ ਬਾਹਰ ਰਹਿਣ ਤੋਂ ਲੈ ਕੇ ਅੰਡਰ-19 ਵਿਸ਼ਵ ਕੱਪ ਟੀਮ ‘ਚ ਜਗ੍ਹਾ ਬਣਾਉਣ ਤੱਕ ਬਾਜਵਾ ਦਾ ਕ੍ਰਿਕਟ ਸਫਰ ਚੁਣੌਤੀਪੂਰਨ ਅਤੇ ਪ੍ਰੇਰਨਾਦਾਇਕ ਹੈ। ਹਰਕੀਰਤ ਨੂੰ ਆਸਟ੍ਰੇਲੀਆ ਵਿਚ ਲੁਕਿਆ ਹੋਇਆ ਸਪਿਨਰ ਮੰਨਿਆ ਜਾਂਦਾ ਹੈ। ਉਹ ਸੱਜੇ ਹੱਥ ਦਾ ਬੱਲੇਬਾਜ਼ ਅਤੇ ਆਫ ਸਪਿਨ ਗੇਂਦਬਾਜ਼ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਹਰਜਸ ਸਿੰਘ ਅੱਠ ਸਾਲ ਦੀ ਉਮਰ ਵਿੱਚ ਸਥਾਨਕ ਭਾਈਚਾਰੇ ਵਿੱਚ ਰੇਵਸਬੀ ਵਰਕਰਜ਼ ਕ੍ਰਿਕੇਟ ਕਲੱਬ ਵਿੱਚ ਸ਼ਾਮਲ ਹੋ ਗਿਆ ਅਤੇ ਇੱਥੋਂ ਹੀ ਉਸਦੇ ਕ੍ਰਿਕਟ ਕਰੀਅਰ ਦੀ ਸ਼ੁਰੂਆਤ ਹੋਈ। ਉਹ ਵਰਤਮਾਨ ਵਿੱਚ ਸਿਡਨੀ ਵਿੱਚ ਰਹਿੰਦਾ ਹੈ ਅਤੇ ਉਸਦੇ ਪਿਤਾ ਟਰੈਵਲ ਏਜੰਸੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਉਹ ਖੱਬੇ ਹੱਥ ਦਾ ਬੱਲੇਬਾਜ਼ ਹੈ। ਹੁਣ ਹਰਜਸ ਜਨਵਰੀ 2024 ‘ਚ ਹੋਣ ਵਾਲੇ ਅੰਡਰ-19 ਵਿਸ਼ਵ ਕੱਪ ‘ਚ ਮੈਦਾਨ ‘ਤੇ ਆਪਣਾ ਹੁਨਰ ਦਿਖਾਉਣ ਦੀ ਤਿਆਰੀ ਕਰ ਰਹੇ ਹਨ। ਦੱਸ ਦਈਏ ਕਿ ਆਗਾਮੀ 2024 ਪੁਰਸ਼ ਅੰਡਰ-19 ਕ੍ਰਿਕਟ ਵਿਸ਼ਵ ਕੱਪ ਲਈ ਇਹਨਾਂ 2 ਦੋਵੇਂ ਖਿਡਾਰੀਆਂ ਦੀ ਚੋਣ ਪਿਛਲੇ ਹਫ਼ਤੇ ਐਲਬਰੀ ਵਿੱਚ ਹੋਈ 2023 ਅੰਡਰ-19 ਪੁਰਸ਼ਾਂ ਦੀ ਕੌਮੀ ਚੈਂਪੀਅਨਸ਼ਿਪ ਦੌਰਾਨ ਕੀਤੀ ਗਈ ਸੀ। ਗੌਰਤਲਬ ਹੈ ਕਿ ਅੰਡਰ-19 ਵਿਸ਼ਵ ਕੱਪ ਪਹਿਲਾਂ ਸ਼੍ਰੀਲੰਕਾ ‘ਚ ਹੋਣ ਵਾਲਾ ਸੀ ਪਰ ਕੁਝ ਸਮਾਂ ਪਹਿਲਾਂ ਇਸ ਦਾ ਸਥਾਨ ਦੱਖਣੀ ਅਫਰੀਕਾ ‘ਚ ਸ਼ਿਫਟ ਕਰ ਦਿੱਤਾ ਗਿਆ ਸੀ। ਹੁਣ ਇਹ 19 ਜਨਵਰੀ ਤੋਂ ਦੱਖਣੀ ਅਫਰੀਕਾ ਵਿੱਚ ਪੰਜ ਸਥਾਨਾਂ ‘ਤੇ ਆਯੋਜਿਤ ਕੀਤਾ ਜਾਵੇਗਾ। ਫਾਈਨਲ 11 ਫਰਵਰੀ ਨੂੰ ਬੇਨੋਨੀ ਵਿੱਚ ਹੋਵੇਗਾ।