ਆਲਮੀ ਤਪਸ਼ ਨੂੰ ਘਟਾਉਣ ਲਈ ਧਰਤ ਦਿਵਸ ਤੇ ਸਰਕਾਰੀ ਪੌਲੀਟੈਕਨਿਕ ਕਾਲਜ ਮੋਹਾਲੀ ਵਿਖੇ ਬੂਟੇ ਲਗਾਏ
ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਦਿੱਤਾ ਸੰਦੇਸ਼ ਬੂਟੇ ਲਾਵਾਂਗੇ ਅਤੇ ਵੋਟ ਪਾਵਾਂਗੇ
ਐਸ.ਏ.ਐਸ.ਨਗਰ, 23 ਅਪ੍ਰੈਲ(ਵਿਸ਼ਵ ਵਾਰਤਾ)-ਸਰਕਾਰੀ ਪੌਲੀਟੈਕਨਿਕ ਕਾਲਜ ਖੂਨੀਮਾਜਰਾ ਵੱਲੋਂ ਵੋਟਰ ਜਾਗਰੂਕਤਾ ਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਦਿੱਤੇ ਹਰ ਟੀਚੇ ਦੀ ਪੂਰਤੀ ਲਈ ਵੱਧ ਚੜਕੇ ਯੋਗਦਾਨ ਪਾਇਆ ਜਾ ਰਿਹਾ ਹੈ। ਵਿਸ਼ਵ ਧਰਤ ਦਿਵਸ ਦੇ ਮੌਕੇ ਆਲਮੀ ਤਪਸ਼ ਨੂੰ ਘਟਾਉਣ ਦੇ ਯਤਨਾਂ ਤਹਿਤ ਕਾਲਜ ਕੈਂਪਸ ਵਿੱਚ ਪ੍ਰਿੰਸੀਪਲ ਰਾਜੀਵ ਪੁਰੀ ਦੀ ਅਗਵਾਈ ਵਿਚ ਸਟਾਫ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਨੌਜਵਾਨਾਂ ਨੇ ਬੂਟੇ ਲਗਾਕੇ ਮਜਬੂਤ ਲੋਕਤੰਤਰ ਅਤੇ ਸਵੱਸਥ ਵਾਤਾਵਰਣ ਦਾ ਸੁਨੇਹਾ ਦਿੱਤਾ।
ਇਸ ਮੌਕੇ ਜ਼ਿਲ੍ਹਾ ਨੋਡਲ ਅਫਸਰ ਸਵੀਪ ਪ੍ਰੋ ਗੁਰਬਖਸ਼ੀਸ਼ ਸਿੰਘ ਅਨਟਾਲ ਨੇ ਦੱਸਿਆ ਕਿ ਵਿਸ਼ਵ ਵਾਤਾਵਰਣ ਦਿਵਸ ਮੌਕੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ 3-ਬੀ-1 ਤੋਂ ਸ਼ੁਰੂ ਕੀਤੀ ਗਈ ਇਸ ਮੁਹਿੰਮ ਤਹਿਤ ਜ਼ਿਲ੍ਹੇ ਦੇ ਸਮੂਹ ਸਰਕਾਰੀ ਵਿਦਿਅਕ ਸੰਸਥਾਵਾਂ ਦੇ ਪਹਿਲੀ ਵਾਰ ਵੋਟਰ ਬਣੇ ਨੌਜਵਾਨਾਂ ਨੂੰ ਵਾਤਾਵਰਣ ਦੀ ਸ਼ੁੱਧਤਾ ਅਤੇ ਮਜਬੂਤ ਲੋਕਤੰਤਰਿਕ ਪ੍ਰੰਪਰਾਵਾਂ ਨੂੰ ਬਲ ਬਖਸ਼ਣ ਲਈ ਇਸ ਮੁਹਿੰਮ ਦਾ ਅਗਾਜ ਜ਼ਿਲ੍ਹਾ ਸਿੱਖਿਆ ਅਫਸਰ ਸਤਨਾਮ ਸਿੰਘ ਬਾਠ ਦੇ ਨਾਲ ਜ਼ਿਲ੍ਹਾ ਸਵੀਪ ਟੀਮ ਵੱਲੋਂ ਕੀਤਾ ਗਿਆ ਸੀ। ਜ਼ਿਲ੍ਹਾ ਉਪ ਸਿੱਖਿਆ ਅਤੇ ਸਕੂਲਾਂ ਵਿੱਚ ਸਵੀਪ ਦੇ ਨੋਡਲ ਇੰਚਾਰਜ ਅੰਗਰੇਜ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਮੂਹ ਸਰਕਾਰੀ ਸਕੂਲਾਂ ਅਤੇ ਪੋਲਿੰਗ ਬੂਥ ਉਪਰ ਬੂਟੇ ਲਗਾਏ ਜਾ ਰਹੇ ਹਨ ਤਾਂ ਜੋ ਆਲਮੀ ਤਪਸ਼ ਕਾਰਨ ਮਈ ਜੂਨ ਮਹੀਨੇ ਚੱਲਣ ਵਾਲੀ ਲੂੰ ਤੋਂ ਰਾਹਤ ਪਾਈ ਜਾ ਸਕੇ। ਪੌਲੀਟੈਕਨਿਕ ਕਾਲਜ ਦੇ ਪ੍ਰਿੰਸੀਪਲ ਰਾਜੀਵ ਪੁਰੀ ਜੋ ਕਿ ਜ਼ਿਲ੍ਹੇ ਦੀਆਂ ਸਮੂਹ ਤਕਨੀਕੀ ਸੰਸਥਾਵਾਂ ਦੇ ਨੋਡਲ ਅਧਿਕਾਰੀ ਹਨ ਨੇ ਦੱਸਿਆ ਕਿ ਸਮੂਹ ਕਾਲਜਾਂ ਨੂੰ ਕਿਹਾ ਗਿਆ ਹੈ ਕਿ ਕਾਲਜ ਦੀ ਵੈਬਸਾਈਟ ਅਤੇ ਸ਼ੋਸ਼ਲ ਮੀਡੀਆ ਪਲੇਟਫਾਰਮਾਂ ਉਪਰ ਵੋਟਰ ਜਾਗਰੂਕਤਾ ਅਤੇ 1 ਜੂਨ ਨੂੰ ਪੰਜਾਬ ਕਰੇਗਾ ਵੋਟ ਦੇ ਸਲੋਗਨ ਪਾਏ ਜਾਣ। ਇਸ ਮੌਕੇ ਮਕੈਨੀਕਲ ਵਿੰਗਦੇ ਮੁਖੀ ਸੰਜੀਵ ਜਿੰਦਲ, ਕੁਲਦੀਪ ਰਾਏ ਅਤੇ ਪ੍ਰੋ ਪਰਮਿੰਦਰ ਸਿੰਘ ਸੈਣੀ ਵੀ ਮੌਜੂਦ ਸਨ।